English  |   ਪੰਜਾਬੀ

ਗੁਰਦੁਆਰਾ ਪੰਜਾ ਸਾਹਿਬ

blog single post

ਬਾਬਾ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਵਿਸਾਖ ਸੰਮਤ 1578 ਬਿਕਰਮੀ (1521ਈ) ‘ਚ ਹਸਨ ਅਬਦਾਲ ਪਹੁੰਚੇ। ਗਰਮੀਆਂ ਦੇ ਇਸ ਮੌਸਮ ਵਿੱਚ ਉਨ੍ਹਾਂ ਨੇ ਪਿੱਪਲ ਦੇ ਇਕ ਸੰਘਣੇ ਠੰਡੇ ਰੁੱਖ ਦੀ ਛਾਂ ਥੱਲੇ ਡੇਰਾ ਲਾਇਆ। ਇਹ ਉਹ ਥਾਂ ਹੈ, ਜਿੱਥੇ ਗੁਰੂ ਜੀ ਨੇ ਪਹਾੜੀ ਉੱਤੋਂ ਰਿੜ੍ਹਦੇ ਆ ਰਹੇ ਇਕ ਭਾਰੀ ਪੱਥਰ ਨੂੰ ਆਪਣੇ ਹੱਥ ਨਾਲ ਰੋਕਿਆ ਸੀ। ਗੁਰੂ ਜੀ ਦੇ ਪੰਜੇ ਦੀ ਛਾਪ ਇਸ ਪੱਥਰ ‘ਤੇ ਹਮੇਸ਼ਾ ਹਮੇਸ਼ਾ ਲਈ ਮਿਹਫ਼ੂਜ਼ ਹੋ ਕੇ ਰਹਿ ਗਈ। ਇਹ ਗੁਰਦੁਆਰਾ ਇਸੇ ਪੰਜੇ ਦੇ ਨਿਸ਼ਾਨ ਤੋਂ ਪ੍ਰਸਿੱਧ ਹੈ ਅਤੇ ਇਸ ਗੁਰਦੁਆਰੇ ‘ਚ ਕੇਂਦਰੀ ਨਿਸ਼ਾਨ ਰੱਖਦਾ ਹੈ। ਪਾਣੀ ਦੀ ਲੋੜ ਪੂਰੀ ਕਰਨ ਲਈ ਗੁਰੂ ਨਾਨਕ ਜੀ ਨੇ ਇਥੇ ਇਕ ਨਿੱਕਾ ਜਿਹਾ ਪੱਥਰ ਚੁਕਿਆ ਤਾਂ ਜ਼ਮੀਨ ‘ਚੋਂ ਠੰਡੇ ਪਾਣੀ ਦਾ ਇਕ ਚਸ਼ਮਾ ਫੁੱਟ ਗਿਆ। ਯਾਤਰੀ ਇਸ ਪੱਥਰ ਨੂੰ ਚੁੰਮਦੇ ਹਨ ਅਤੇ ਚਸ਼ਮੇ ਦੇ ਪਾਣੀ ‘ਚ ਅਸ਼ਨਾਨ ਕਰਕੇ ਆਪਣੀ ਆਤਮਾ ਨੂੰ ਨਿਹਾਲ ਕਰਦੇ ਹਨ। ਇਹ ਖੁੱਲਾ ਡੁੱਲਾ ਗੁਰਦੁਆਰਾ ਅਤੇ ਇਸ ‘ਚ ਮੌਜੂਦ ਸਰੋਵਰ ਸ੍ਰ. ਹਰੀ ਸਿੰਘ ਨਲੂਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣਵਾਇਆ। ਮਹਾਰਾਜਾ ਆਪ ਵੀ ਇਸ ਦੇ ਦਰਸ਼ਨ ਦੀਦਾਰ ਲਈ ਆਇਆ। ਇਸ ਪਵਿਤਰ ਅਸਥਾਨ ‘ਤੇ ਵਿਸਾਖੀ ਦਾ ਸੱਭ ਤੋਂ ਵੱਡਾ ਮੇਲਾ ਜੁੜਦਾ ਹੈ ਜਿਥੇ ਵਿਸ਼ਵ ਭਰ ਤੋਂ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ‘ਚ ਹੁਮ-ਹੁਮਾ ਕੇ ਆਉਂਦੀਆ ਹਨ।