English  |   ਪੰਜਾਬੀ

ਗੁਰਦੁਆਰਾ ਡੇਰਾ ਸਾਹਿਬ

blog single post

ਗੁਰਦੁਆਰਾ ਡੇਰਾ ਸਾਹਿਬ ਲਾਹੌਰ ਕਿਲ੍ਹੇ ਦੇ ਉੱਕਾ ਸਾਹਮਣੇ ਸਥਿਤ ਹੈ। ਜਦਕਿ ਪ੍ਰਸਿੱਧ ਬਾਦਸ਼ਾਹੀ ਮਸਜਿਦ ਇਸ ਗੁਰਦੁਆਰੇ ਦੇ ਨਾਲ ਲਗਦੀ ਹੈ। ਇਹ ਉਹ ਅਸਥਾਨ ਹੈ ਜਿਥੇ 30 ਮਈ 1606ਈ ਨੂੰ ਗੁਰੂ ਅਰਜਨ ਦੇਵ ਜੀ ਚੰਦੂ ਦੇ ਤਸੀਹੇ ਸਹਿੰਦੇ ਹੋਏ ਰਾਵੀ ਦਰਿਆ ਵਿੱਚ ਅਲੋਪ ਹੋ ਗਏ ਸਨ। ਇਸ ਦਾ ਥੜਾ ਸਾਹਿਬ 1619ਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਬਣਵਾਇਆ ਜਦੋਂ ਉਹ ਇਸ ਸ਼ਹੀਦੀ ਅਸਥਾਨ ਦੇ ਦਰਸ਼ਨ ਵਾਸਤੇ ਲਾਹੌਰ ਆਏ। ਮਗਰੋਂ, ਮਹਾਰਾਜਾ ਰਣਜੀਤ ਸਿੰਘ ਨੇ ਇਸ ਥਾਂ ਗੁਰਦੁਆਰਾ ਦੀ ਨਿੱਕੀ ਜਿਹੀ ਇਮਾਰਤ ਉਸਰਵਾਈ। 1909ਈ ਵਿੱਚ ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਰੰਭ ਕਰਵਾਉਣ ਲਈ ਮੰਜੀ ਸਾਹਿਬ ਦੀ ਉਸਾਰੀ ਕਰਵਾਈ ਗਈ। ਸਿੱਖ ਇਤਿਹਾਸ ਦੀ ਪਰਮੁੱਖ ਸ਼ਖ਼ਸੀਅਤ ਮਹਾਰਾਜਾ ਰਣਜੀਤ ਸਿੰਘ (1780-1839ਈ) ਦੀ ਸਮਾਧ ਵੀ ਇਸੇ ਗੁਰਦੁਆਰੇ ਦੀ ਚਾਰ-ਦੀਵਾਰੀ ਦੇ ਅੰਦਰ ਸਥਿਤ ਹੈ। ਜਿਸ ਥਾਂ ਮਹਾਰਾਜਾ ਰਣਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ, ਉਸੇ ਥਾਂ ਮਹਾਰਾਜਾ ਦੇ ਸਪੁੱਤਰ ਖੜਕ ਸਿੰਘ ਨੇ ਸਮਾਧ ਦੀ ਉਸਾਰੀ ਅਰੰਭ ਕਰਵਾਈ, ਜਿਹੜੀ 1948ਈ ‘ਚ ਸੰਪੂਰਨ ਹੋਈ। ਇਸ ਸਮਾਧ ਦੀ ਇਮਾਰਤ ਦੀ ਬੁਣਤਰ ਸਿੱਖ ਉਸਾਰੂ-ਢੰਗ ਦੀ ਅਦੁੱਤੀ ਮਿਸਾਲ ਹੈ। ਮਹਾਰਾਜਾ ਦੀਆਂ ਅਸਥੀਆਂ ਇਸੇ ਇਮਾਰਤ ਦੇ ਵਿਚਕਾਰ ਦਫ਼ਨ ਹਨ। ਇਸੇ ਇਮਾਰਤ ‘ਚ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਖੜਕ ਸਿੰਘ ਅਤੇ ਪੋਤੇ ਨੌ-ਨਿਹਾਲ ਸਿੰਘ ਅਤੇ ਉਨ੍ਹਾਂ ਦੀਆਂ ਪਤਨੀਆਂ ਦੀਆਂ ਸਮਾਧਾਂ ਵੀ ਮੌਜੂਦ ਹਨ।