ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ
ਕਰਤਾਰਪੁਰ ਭਾਵ ‘ਰੱਬ ਦਾ ਘੱਰ’ ਦੀ ਬੁਨਿਆਦ ਗੁਰੂ ਨਾਨਕ ਜੀ ਨੇ ਆਪਣੇ ਹੱਥੀਂ 1522ਈ ‘ਚ ਰੱਖੀ। ਇਹ ਪਾਵਨ ਅਸਥਾਨ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ‘ਚ ਪਾਕ-ਭਾਰਤ ਸੀਮਾ ਤੋਂ ਮਸਾਂ ਕੁੱਝ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਹ ਅਸਥਾਨ ਲਾਹੌਰ ਤੋਂ 118 ਕਿਲੋਮੀਟਰ ਦੂਰ ਹੈ। ਇਥੇ ਜਾਣ ਵਾਸਤੇ ਸ਼ੱਕਰਗੜ੍ਹ ਜਾਣ ਵਾਲੀਆਂ ਬੱਸਾਂ ਵੀ ਮਿਲਦੀਆਂ ਹਨ ਅਤੇ ਲਾਹੌਰ ਤੋਂ ਟੈਕਸੀ ‘ਤੇ ਵੀ ਜਾਇਆ ਜਾ ਸਕਦਾ ਹੈ। ਇਸ ਦਾ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਦੇ ਨਾਂ ‘ਤੇ ਹੈ। ਸਟੇਸ਼ਨ ਤੋਂ ਗੁਰਦੁਆਰਾ 5 ਕਿਲੋਮੀਟਰ ਦੂਰ ਹੈ। ਜਦਕਿ ਸੱਭ ਤੋਂ ਨੇੜੇ ਦਾ ਏਅਰਪੋਰਟ ਲਾਹੌਰ ਦਾ ਅਲਾਮਾ ਇਕਬਾਲ ਹੈ। ਇਸ ਥਾਂ ਸਾਹਿਬ ਸ੍ਰੀ ਗੁਰੂ ਨਾਨਕ ਜੀ ਨੇ 18 ਵਰ੍ਹੇ ਖੇਤੀ ਕੀਤੀ ਅਤੇ ਇਥੇ ਹੀ ਦੂਜੇ ਪਾਤਿਸ਼ਾਹ ਜੀ ਨੂੰ ਗੁੱਰ ਗੱਦੀ ਬਖ਼ਸ਼ ਕੇ ਲਹਿਣੇ ਤੋਂ ਅੰਗਦ ਕੀਤਾ। ਅਤੇ ਇਥੇ ਹੀ ਪਹਿਲੇ ਪਾਤਿਸ਼ਾਹ ਜੀ 27 ਸਤੰਬਰ 1529ਈ ਨੂੰ ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਦੇਵ ਜੀ ਦੀ ਸਮਾਧ ਅਤੇ ਕਬਰ ਇਸੇ ਥਾਂ ਹੈ। ਰਾਵੀ ਦਰਿਆ ਦੇ ਕੰਢੇ ਇਹ ਅਸਥਾਨ ਮੁਸਲਮਾਨਾਂ ਅਤੇ ਸਿੱਖਾਂ ਵਾਸਤੇ ਸਾਂਝੀ ਖਿੱਚ ਦਾ ਕਾਰਨ ਹੈ। ਮੁਸਲਮਾਨ ਬਾਬੇ ਨਾਨਕ ਨੂੰ ਆਪਣਾ ਪੀਰ ਮੰਨਦੇ ਹਨ ਜਦਕਿ ਸਿੱਖ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਹਨ।