AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਅਕਾਲੀ ਦਲ ਤੇ ਬਸਪਾ ਦੀ ਸਾਂਝ ਸਥਾਈ: ਹਰਸਿਮਰਤ

ਇੱਥੇ ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਵਾਰ ਇਸਤਰੀ ਕਾਨਫਰੰਸ ਕਰਵਾਈ ਗਈ ਜਿਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੂੜ੍ਹਾ ਸਮਝੌਤਾ ਹੈ। ਉਹ ਅਕਾਲੀ ਦਲ ਦੀ ਭਾਈਵਾਲ ਪਾਰਟੀ ਹੈ, ਜੇ ਬਸਪਾ ਦੇ ਕਿਸੇ ਆਗੂ ਦੇ ਮਨ ਵਿੱਚ ਗਿਲਾ-ਸ਼ਿਕਵਾ ਹੈ ਤਾਂ ਸੀਨੀਅਰ ਲੀਡਰਸ਼ਿਪ ਨਾਲ ਗੱਲ ਕਰ ਸਕਦੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅਕਾਲੀ ਆਗੂਆਂ ਉਪਰ ਉਨ੍ਹਾਂ ਨੂੰ ਨਾਲ ਲੈ ਕੇ ਨਾ ਚੱਲਣ ਦੇ ਦੋਸ਼ ਲਾਏ ਸਨ। ਹਰਸਿਮਰਤ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਮਜ਼ਬੂਤ ਤੇ ਸਥਾਈ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਔਰਤਾਂ ਦੇ ਖਾਤੇ ਵਿੱਚ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਦੋ ਸਾਲ ਬੀਤਣ ’ਤੇ ਵੀ ਇਕ ਪੈਸਾ ਨਹੀਂ ਦਿੱਤਾ ਗਿਆ। ਹੁਣ ਪੰਜਾਬ ਦੀਆਂ ਬੀਬੀਆਂ ਹੀ ਇਨ੍ਹਾਂ ਨੂੰ ਸਬਕ ਸਿਖਾਉਣਗੀਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਚਲਾਈਆਂ ਜਿਹੜੀਆਂ ਲੋਕ ਭਲਾਈ ਸਕੀਮਾਂ ‘ਆਪ’ ਸਰਕਾਰ ਨੇ ਬੰਦ ਕੀਤੀਆਂ ਹਨ, ਉਹ ਅਕਾਲੀ ਸਰਕਾਰ ਆਉਣ ’ਤੇ ਮੁੜ ਚਲਾਈਆਂ ਜਾਣਗੀਆਂ ਅਤੇ ਬੁਢਾਪਾ ਪੈਨਸ਼ਨ 25 ਸੌ ਰੁਪਏ ਮਹੀਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬੀਆਂ ਨਾਲ ਧੋਖਾ ਕਰ ਰਹੀ ਹੈ। ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦੇ ਵਿਧਾਇਕ ਨਸ਼ਾ ਤਸਕਰਾਂ ਤੋਂ ਲੱਖਾਂ ਰੁਪਏ ਮਹੀਨਾ ਵਸੂਲ ਰਹੇ ਹਨ ਜਿਸ ਕਰਕੇ ਨਸ਼ਾ ਦਿਨੋ ਦਿਨ ਵੱਧ ਰਿਹਾ ਹੈ। ਪੁਲੀਸ ਵੀ ਨਸ਼ਾ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਦੌਰਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਔਰਤਾਂ ‘ਆਪ’ ਸਰਕਾਰ ਦੇ ਕੁਸ਼ਾਸਨ ਦੀ ਮਾਰ ਝੱਲ ਰਹੀਆਂ ਹਨ। ਇਸ ਮੌਕੇ ਰੋਜ਼ੀ ਬਰਕੰਦੀ, ਹਨੀ ਫੱਤਣਵਾਲਾ, ਪ੍ਰੀਤਇੰਦਰ ਸਿੰਘ ਸੰਮੇਵਾਲੀ ਸਣੇ ਹੋਰ ਆਗੂ ਵੀ ਮੌਜੂਦ ਸਨ।

Scroll to Top