
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਦੋਂ ਕੇਂਦਰੀ ਟੀਮਾਂ ਐੱਸਵਾਈਐੱਲ ਨਹਿਰ ਦਾ ਸਰਵੇਖਣ ਕਰਨ ਸੂਬੇ ਵਿੱਚ ਆਉਣ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਿਸੇ ਵੀ ਕੁਰਬਾਨੀ ਵਾਸਤੇ ਤਿਆਰ ਹੈ ਪਰ ਕਿਸੇ ਵੀ ਕੀਮਤ ’ਤੇ ਪੰਜਾਬ ’ਚ ਐੱਸਵਾਈਐੱਲ ਨਹਿਰ ਦੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ‘ਆਪ’ ਸਰਕਾਰ ਤੇ ਭਾਜਪਾ ਦੀ ਸੂਬਾ ਇਕਾਈ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਦਿਆਂ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਇਸ ਅਹਿਮ ਮਸਲੇ ’ਤੇ ਚੁੱਪ ਕਿਉਂ ਹਨ ਜਦੋਂ ਕਿ ਮਸਲਾ ਪੰਜਾਬ ਅਤੇ ਇਸ ਦੇ ਕਿਸਾਨਾਂ ਦੇ ਭਵਿੱਖ ਨਾਲ ਜੁੜਿਆ ਹੈ। ਮਜੀਠੀਆ ਨੇ ਕਿਹਾ ਕਿ ਕਿਸੇ ਵੀ ਸਰਵੇਖਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਐੱਸਵਾਈਐੱਲ ਲਈ ਐਕੁਆਇਰ ਕੀਤੀ 4,500 ਏਕੜ ਜ਼ਮੀਨ ਇਸ ਦੇ 21,000 ਅਸਲ ਮਾਲਕਾਂ ਨੂੰ ਮੁਫ਼ਤ ਵਿੱਚ ਵਾਪਸ ਕਰ ਦਿੱਤੀ ਗਈ ਸੀ। ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਇਕ ਡੂੰਘੀ ਸਾਜ਼ਿਸ਼ ਤਹਿਤ ਸੁਪਰੀਮ ਕੋਰਟ ਵਿਚ ਐਸਵਾਈਐੱਲ ਨਹਿਰ ਦੇ ਮਾਮਲੇ ’ਤੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਦਨਿ ਪੰਜਾਬ ਨੂੰ ਆਪਣੇ ਕੇਸ ਦੀ ਪੈਰਵੀ ਕਰਨੀ ਬਹੁਤ ਜ਼ਰੂਰੀ ਸੀ, ਉਸ ਦਨਿ ਉਨ੍ਹਾਂ ਐਡਵੋਕੇਟ ਜਨਰਲ ਦਾ ਅਸਤੀਫ਼ਾ ਲੈ ਲਿਆ ਅਤੇ ਸਰਕਾਰ ਨੇ ਇਸ ਗੱਲ ਵੀ ਸਹਿਮਤੀ ਦੇ ਦਿੱਤੀ ਕਿ ਉਸ ਨੂੰ ਐੱਸਵਾਈਐੱਲ ਨਹਿਰ ਦੀ ਉਸਾਰੀ ’ਤੇ ਕੋਈ ਇਤਰਾਜ਼ ਨਹੀਂ ਹੈ। ਅਕਾਲੀ ਆਗੂ ਨੇ ‘ਆਪ’ ਸਰਕਾਰ ਵੱਲੋਂ ਵਿਸ਼ੇਸ਼ ਕੈਬਨਿਟ ਮੀਟਿੰਗ ਸੱਦਣ ਦੇ ਬਾਵਜੂਦ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਵਾਸਤੇ ਠੋਸ ਰਣਨੀਤੀ ਉਲੀਕਣ ’ਚ ਨਾਕਾਮ ਰਹਿਣ ਦੀ ਨਿਖੇਧੀ ਕੀਤੀ।