AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਅੰਮ੍ਰਿਤਪਾਲ ਦੀ ਮਾਤਾ ਵੱਲੋਂ ਪੁਲੀਸ ’ਤੇ ਸੰਗਤ ਨੂੰ ਨਜ਼ਰਬੰਦ ਕਰਨ ਦੇ ਦੋਸ਼

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਨੇ ਦੋਸ਼ ਲਾਇਆ ਕਿ ਪੁਲੀਸ ਨੇ ਸਿੱਖ ਸੰਗਤ ਨੂੰ ਭਲਕੇ 19 ਨਵੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਣ ਵਾਲੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਇਸ ਸਬੰਧ ’ਚ ਅੱਜ ਇੱਕ ਕਾਫ਼ਲਾ ਪਿੰਡ ਜੱਲੂਪੁਰ ਖੈੜਾ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਇਆ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੀ ਰਿਹਾਈ ਵਾਸਤੇ ਪੰਜ ਤਖ਼ਤ ਸਾਹਿਬਾਨ ’ਤੇ ਅਰਦਾਸ ਸਮਾਗਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਤਹਿਤ ਦੂਜਾ ਅਰਦਾਸ ਸਮਾਗਮ ਭਲਕੇ 19 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਹੋਵੇਗਾ। ਇਸ ਅਰਦਾਸ ਸਮਾਗਮ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਗਈ ਸੀ। ਬੀਬੀ ਬਲਵਿੰਦਰ ਕੌਰ ਨੇ ਦੋਸ਼ ਲਾਇਆ ਕਿ ਸੰਗਤ ਕਾਫ਼ਲੇ ਦੇ ਰੂਪ ਵਿੱਚ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਸਤੇ ਪਿੰਡ ਜਲੂਪੁਰ ਖੈੜਾ ਆ ਰਹੀ ਸੀ ਪਰ ਪੁਲੀਸ ਨੇ ਪਿੰਡ ਨੂੰ ਛਾਉਣੀ ਦੇ ਰੂਪ ’ਚ ਬਦਲ ਦਿੱਤਾ ਅਤੇ ਸੰਗਤ ਨੂੰ ਪਿੰਡ ਨਹੀਂ ਪੁੱਜਣ ਦਿੱਤਾ। ਉਨ੍ਹਾਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਸਤੇ ਵੀ ਸਿਰਫ਼ ਪਰਿਵਾਰ ਦੇ ਕੁਝ ਵਾਹਨਾਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਗਈ ਹੈ ਜਦਕਿ ਸੰਗਤ ਦੇ ਬਾਕੀ ਵਾਹਨ ਰਾਹ ’ਚ ਹੀ ਰੋਕ ਦਿੱਤੇ ਗਏ, ਜਿਸ ਕਾਰਨ ਪਰਿਵਾਰ ਦੇ ਕੁਝ ਮੈਂਬਰ ਹੀ ਆਨੰਦਪੁਰ ਸਾਹਿਬ ਪੁੱਜੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਖਾਲਸਾ ਵਹੀਰ ਦੇ ਮੈਂਬਰਾਂ ਅਤੇ ਸੰਗਤ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ ਤਾਂ ਜੋ ਇਹ ਅਰਦਾਸ ਸਮਾਗਮ ਸਫ਼ਲ ਨਾ ਹੋ ਸਕੇ। ਪਰਿਵਾਰ ਵੱਲੋਂ ਭਲਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੇ ਜਾਣ ਵਾਲੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਵਾਸਤੇ ਕਕਾਰ ਮੁਫ਼ਤ ਵੰਡਣ ਦਾ ਪ੍ਰੋਗਰਾਮ ਹੈ।

Scroll to Top