
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਦੀਕੀ ਦੋਸਤ ’ਤੇ ਕੈਨੇਡਾ ਦੇ ਐੱਨਆਰਆਈ ਵੱਲੋਂ ਉਨ੍ਹਾਂ ਖ਼ਿਲਾਫ਼ ਲਗਾਏ ਅਨੈਤਿਕਤਾ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਆਜ਼ਾਦ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸਾਬਕਾ ਦੋਸਤ ਜਗਮਨਦੀਪ ਸਿੰਘ ਨੇ ਉਨ੍ਹਾਂ ਦੀ ਕੈਨੇਡਾ ਫੇਰੀ ਨੂੰ ਚੇਤੇ ਕੀਤਾ ਹੈ ਜਦੋਂ ਉਹ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਮੈਂਬਰ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋਸ਼ਾਂ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦੇ ਦਬਾਏ ਨਹੀਂ ਜਾ ਸਕਦੇ ਕਿਉਂਕਿ ਪੰਜਾਬ ਨੇ ਲਾਲ ਚੰਦ ਕਟਾਰੂਚੱਕ ਤੇ ਹੋਰਨਾਂ ਖ਼ਿਲਾਫ਼ ਅਨੈਤਿਕਤਾ ਦੇ ਦੋਸ਼ ਵੇਖੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਤਕ ਸ਼ਖ਼ਸੀਅਤ ਹੋਣ ਦੇ ਨਾਤੇ ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਕਰਵਾਉਣ।