AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਐੱਸਸੀ/ਬੀਸੀ ਸਮਾਜ ਨਾਲ ਵਿਤਕਰੇ ਖ਼ਿਲਾਫ਼ ਧਰਨਾ

ਪੰਜਾਬ ਦੀਆਂ ਵੱਖ-ਵੱਖ 27 ਜਥੇਬੰਦੀਆਂ ’ਤੇ ਆਧਾਰਿਤ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਲੋਕਾਂ ਵੱਲੋਂ ਐੱਸਸੀ/ਬੀਸੀ ਸਮਾਜ ਨਾਲ ਕੀਤੇ ਜਾ ਰਹੇ ਵਿਤਕਰਿਆਂ, ਧੋਖੇਬਾਜ਼ੀ ਅਤੇ ਜ਼ਿਆਦਤੀਆਂ ਖ਼ਿਲਾਫ਼ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਜੁਆਇੰਟ ਐਕਸ਼ਨ ਕਮੇਟੀ ਆਫ਼ ਐੱਸਸੀ, ਬੀਸੀ ਐਂਪਲਾਈਜ਼ ਐਂਡ ਸੋਸ਼ਲ ਆਰਗੇਨਾਈਜੇਸ਼ਨ ਪੰਜਾਬ ਦੇ ਝੰਡੇ ਹੇਠ ਵੱਖ-ਵੱਖ ਭਰਾਤਰੀ ਮੁਲਾਜ਼ਮ, ਕਿਸਾਨ, ਮਜ਼ਦੂਰ, ਸਮਾਜਿਕ ਤੇ ਹੋਰ ਜਥੇਬੰਦੀਆਂ ਦੇ ਕਾਰਕੁਨ ਇਥੇ ਕੌਮੀ ਹਾਈਵੇਅ-7 ਦੇ ਪਟਿਆਲਾ-ਸੰਗਰੂਰ ਬਾਈਪਾਸ ਦੇ ਓਵਰਬ੍ਰਿਜ ਹੇਠਾਂ ਇਕੱਠੇ ਹੋਏ। ਇੱਥੇ ਡਾ. ਭੀਮ ਰਾਓ ਅੰਬੇਡਕਰ ਦੇ ਮਹਾ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਰੋਸ ਰੈਲੀ ਕੀਤੀ ਗਈ। ਬਾਅਦ ਦੁਪਹਿਰ ਰੋਸ ਮਾਰਚ ਕਰਦਿਆਂ ਜਿਉਂ ਹੀ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਅੱਗੇ ਵਧੇ ਤਾਂ ਪੁਲੀਸ ਵੱਲੋਂ ਕਲੋਨੀ ਦੇ ਗੇਟ ’ਤੇ ਨਾਕੇ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਗਿਆ। ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਤੇ ਐੱਸਸੀ, ਬੀਸੀ ਐਂਪਲਾਈਜ਼ ਫੈਡਰੇਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਪਾਲ ਅਤੇ ਕੋ-ਕੋਆਰਡੀਨੇਟਰ ਹਰਵਿੰਦਰ ਸਿੰਘ ਮੰਡੇਰ ਨੇ ਮੰਗ ਕੀਤੀ ਕਿ 85ਵੀਂ ਸੰਵਿਧਾਨਕ ਸੋਧ ਜੂਨ 1995 ਤੋਂ ਲਾਗੂ ਕੀਤੀ ਜਾਵੇ, 10 ਅਕਤੂਬਰ 2014 ਦਾ ‘ਗੈਰਸੰਵਿਧਾਨਕ’ ਪੱਤਰ ਰੱਦ ਕੀਤਾ ਜਾਵੇ, ਆਬਾਦੀ ਅਨੁਸਾਰ ਭਰਤੀ ਤੇ ਤਰੱਕੀਆਂ ’ਚ ਰਾਖਵਾਂਕਰਨ ਦਿੱਤਾ ਜਾਵੇ, ਆਬਾਦੀ ਅਨੁਸਾਰ ਐੱਸਸੀ ਲਈ 40 ਫ਼ੀਸਦ, ਬੀਸੀ ਲਈ 22 ਫ਼ੀਸਦ ਵੱਖਰਾ ਬਜਟ ਰੱਖਿਆ ਜਾਵੇ, ਜਾਅਲੀ ਐੱਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਬਾਕੀ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਧਰਨੇ ’ਚ ਪੁੱਜ ਕੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ 20 ਦਸੰਬਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਨਿਸ਼ਚਿਤ ਹੋਣ ਦਾ ਪੱਤਰ ਸੌਂਪਿਆ ਜਿਸ ਮਗਰੋਂ ਧਰਨਾ ਸਮਾਪਤ ਹੋਇਆ। ਰੈਲੀ ਨੂੰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਰਾਜ ਸਿੰਘ ਟੋਡਰਵਾਲ, ਕਰਨੈਲ ਸਿੰਘ ਨੀਲੋਵਾਲ, ਬਲਦੇਵ ਭਾਰਤੀ, ਬਲਰਾਜ ਕੁਮਾਰ, ਬਲਦੇਵ ਸਿੰਘ ਧੁੱਗਾ, ਭੁਪਿੰਦਰ ਸਿੰਘ ਜੱਸੀ, ਸੂਬੇਦਾਰ ਹਰਭਜਨ ਸਿੰਘ, ਅਜੈਬ ਸਿੰਘ ਬਠੋਈ, ਭਗਵਾਨ ਸਿੰਘ ਸਮਾਓ, ਵਿਦਿਆਰਥੀ ਆਗੂ ਜੋਗਰਾਜ ਸਿੰਘ ਟੱਲੇਵਾਲ ਨੇ ਵੀ ਸੰਬੋਧਨ ਕੀਤਾ।

Scroll to Top