AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਕਬੱਡੀ ਖਿਡਾਰੀਆਂ ’ਤੇ ਦਰਜ ਕੇਸ ਰੱਦ ਕਰਾਉਣ ਲਈ ਧਰਨਾ ਜਾਰੀ

ਸ਼ਹਿਰ ਬਰਨਾਲਾ ਵਿੱਚ ਬੀਤੀ 23 ਅਕਤੂਬਰ ਨੂੰ ਇੱਕ ਚਿਕਨ ਕਾਰਨਰ ’ਤੇ ਹੋਈ ਤਕਰਾਰਬਾਜ਼ੀ ਮਗਰੋਂ ਇੱਕ ਪੁਲੀਸ ਮੁਲਾਜ਼ਮ ਦੀ ਹਾਦਸਾਗ੍ਰਸਤ ਮੌਤ ਸਬੰਧੀ ਇਲਾਕੇ ਦੇ ਚਾਰ ਕਬੱਡੀ ਖਿਡਾਰੀਆਂ ਵਿਰੁੱਧ ਦਰਜ ਕੀਤੇ ਗਏ ਕੇਸ ਰੱਦ ਕਰਵਾਉਣ ਦੀ ਮੰਗ ਬਾਰੇ ਪਿੰਡ ਠੀਕਰੀਵਾਲਾ ਵਿੱਚ ਚੱਲ ਰਿਹਾ ਪੱਕਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ, ਕਿਸਾਨ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਗੁਰਪ੍ਰੀਤ ਸਿੰਘ ਗੋਪੀ ਰਾਏਸਰ, ਜਗਸੀਰ ਸਿੰਘ ਸੀਰਾ ਛੀਨੀਵਾਲ, ਗੁਰਮੇਲ ਸਿੰਘ ਜਵੰਧਾ, ਭੁਪਿੰਦਰ ਕੁਮਾਰ, ਅਧਿਆਪਕ ਆਗੂ ਰਾਜੀਵ ਕੁਮਾਰ, ਨਿਰਮਲ ਚੁਹਾਣਕੇ, ਸਾਬਕਾ ਵਿਧਾਇਕ ਤਰਸੇਮ ਜੋਧਾਂ ਤੇ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਪੁਲੀਸ ਨੇ ਕਬੱਡੀ ਖਿਡਾਰੀਆਂ ਖ਼ਿਲਾਫ਼ ਕਥਿਤ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਝਗੜੇ ਦੌਰਾਨ ਦੁੁਕਾਨ ਸੰਚਾਲਕਾਂ ਦੇ ਹਮਲਾਵਰਾਂ ਨੇ ਕਬੱਡੀ ਖਿਡਾਰੀਆਂ ਦੀ ਕੁੱਟਮਾਰ ਕੀਤੀ ਤੇ ਪੁਲੀਸ ਨੇ ਉਲਟਾ ਖਿਡਾਰੀਆਂ ’ਤੇ ਕਤਲ ਦਾ ਕਥਿਤ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾਵੇਗਾ ਅਤੇ ਜੇਕਰ ਛੇਤੀ ਪਰਚੇ ਰੱਦ ਨਾ ਕੀਤੇ ਗਏ ਤਾਂ ਬਰਸੀ ਸਮਾਗਮ ਮਗਰੋਂ ਇਹ ਪੱਕਾ ਧਰਨਾ ਡੀਸੀ ਦਫ਼ਤਰ ਬਰਨਾਲਾ ਸਾਹਮਣੇ ਆਰੰਭਿਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡੀਸੀ ਦਫ਼ਤਰ ਵਿੱਚ ਰੋਸ ਧਰਨਾ ਦੇਣ ਮਗਰੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ ਸੀ, ਪਰ ਹਾਲੇ ਤੱਕ ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਢੁੱਕਵੀਂ ਕਾਰਵਾਈ ਕਰਨ ਦਾ ਕੋਈ ਨਿਰਦੇਸ਼ ਜਾਰੀ ਨਹੀਂ ਹੋਇਆ ਹੈ।

Scroll to Top