
ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਡੇਰਾ ਬਾਬਾ ਨਾਨਕ ਵਿਖੇ 19 ਨਵੰਬਰ ਨੂੰ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਤਿਸਰ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਹਾਜ਼ਰ ਅਹੁਦੇਦਾਰਾਂ ਨੇ ਕਰਵਾਏ ਜਾ ਰਹੇ ਸਮਾਗਮ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਸ੍ਰੀ ਕਰਤਾਰਪੁਰ ਸਾਹਿਬ ਸੰਘਰਸ਼ ਅਕਾਦਮੀ ਦੇ ਪ੍ਰਧਾਨ ਵਜਿੈ ਕੁਮਾਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਧਰਮਿੰਦਰ ਔਲਖ ਨੇ ਦੱਸਿਆ ਕਿ ਸੈਮੀਨਾਰ ਦਾ ਵਿਸ਼ਾ ‘ਗੁਰੂ ਨਾਨਕ ਦਰਸ਼ਨ ਅਤੇ ਵਰਤਮਾਨ’ (ਭਾਰਤ-ਪਾਕਿ ਸਰਹੱਦੀ ਬੰਦਸ਼ਾਂ ਦੇ ਵਿਸ਼ੇਸ਼ ਪ੍ਰਸੰਗ ਵਿੱਚ) ਹੈ। ਕਵੀ ਦਰਬਾਰ ਗੁਰਦੁਆਰਾ ਸਿੱਧ ਸੌਂਹ (ਡੇਰਾ ਬਾਬਾ ਨਾਨਕ) ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਤੋਂ 20 ਡਾਲਰ ਦੀ ਫੀਸ ਮੁਆਫ਼ ਕਰਕੇ, ਪਾਸਪੋਰਟ ਦੀ ਥਾਂ ਸਿਰਫ਼ ਆਧਾਰ ਕਾਰਡ ਰਾਹੀਂ ਦਰਸ਼ਨ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ, ਦੋਵਾਂ ਦੇਸ਼ਾਂ ਵਿਚਾਲੇ ਵਪਾਰ ਖੋਲ੍ਹਿਆ ਜਾਵੇ, ਦੂਰਬੀਨ ਰਾਹੀਂ ਦਰਸ਼ਨ ਕਰਨ ਆਉਂਦੇ ਸ਼ਰਧਾਲੂਆਂ ਦੀ ਟੌਲ ਪਲਾਜ਼ਾ ਫੀਸ ਮੁਆਫ਼ ਕੀਤੀ ਜਾਵੇ। ਸ੍ਰੀ ਔਲਖ ਨੇ ਦੱਸਿਆ ਕਿ ਕੌਮਾਂਤਰੀ ਸੀਮਾ ’ਤੇ ਅਜਿਹਾ ਪਲੇਠਾ ਸਮਾਗਮ ਹੋ ਰਿਹਾ ਹੈ। ਇਸ ਮੌਕੇ ਆਲ ਇੰਡੀਆ ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਗੁਰਵਿੰਦਰ ਸਿੰਘ ਘੁੰਮਣ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਹਾਜ਼ਰ ਸਨ।