AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਕਾਂਗਰਸ ’ਤੇ ਟਿੱਪਣੀ: ਸਿੱਧੂ ਵੱਲੋਂ ਭਗਵੰਤ ਮਾਨ ਨੂੰ ਮੋੜਵਾਂ ਜਵਾਬ

‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਪੰਜਾਬ ਦੀ ‘ਆਪ’ ਅਤੇ ਕਾਂਗਰਸ ਦੇ ਆਗੂਆਂ ਵਿਚਕਾਰ ਸਭ ਠੀਕ ਨਹੀਂ ਚੱਲ ਰਿਹਾ। ਦੋਹਾਂ ਦਲਾਂ ਦੇ ਆਗੂਆਂ ਵਿਚਕਾਰ ਜ਼ੁਬਾਨੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਪਹਿਲਾਂ ‘ਆਪ’ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੀ ਹੋਂਦ ਖਤਮ ਹੋਣ ਬਾਰੇ ਨਿਸ਼ਾਨਾ ਸੇਧਿਆ ਸੀ। ਉਸ ਦਾ ਜਵਾਬ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਸਥਿਰ ਸੀ ਤੇ ਹਮੇਸ਼ਾ ਸਥਿਰ ਰਹੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ‘ਥੋਥਾ ਚਨਾ ਬਾਜੇ ਘਨਾ’ ਵਾਲੀ ਪਾਰਟੀ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਤੇ ਇਹ ਪਾਰਟੀ ਰੁਕੇਗੀ ਵੀ ਨਹੀਂ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਿਹੜੀਆਂ ਗੱਲਾਂ ਕਰ ਰਹੇ ਹਨ। ਹਾਲ ਹੀ ਵਿਚ ਹੋਈਆਂ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਪੰਜ ਕਰੋੜ ਤੋਂ ਵੱਧ ਵੋਟ ਮਿਲੀ ਹੈ ਜੋ ਭਾਜਪਾ ਤੋਂ 10 ਲੱਖ ਵੱਧ ਹਨ ਜਦਕਿ ਇਨ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਤਿੰਨ ਰਾਜਾਂ ਵਿਚ ਚੋਣ ਮੈਦਾਨ ਵਿਚ ਉੱਤਰੀ ਸੀ, ਇਨ੍ਹਾਂ ਰਾਜਾਂ ਵਿਚ ‘ਆਪ’ ਨੂੰ ਅੱਧਾ ਫ਼ੀਸਦੀ ਵੋਟ ਵੀ ਨਹੀਂ ਮਿਲੀ ਪਰ ਮੁੱਖ ਮੰਤਰੀ ਕਾਂਗਰਸ ਦੇ ਖ਼ਾਤਮੇ ਦੀ ਗੱਲ ਕਰ ਰਹੇ ਹਨ। ਕਾਂਗਰਸ ਦਾ 138 ਸਾਲ ਪੁਰਾਣਾ ਇਤਿਹਾਸ ਹੈ ਤੇ ਜਿਸ ਕਾਂਗਰਸ ਪਾਰਟੀ ਦੇ ਬਜ਼ੁਰਗਾਂ ਨੇ ਪਾਰਟੀ ਨੂੰ ਆਪਣੇ ਖ਼ੂਨ ਨਾਲ ਸਿੰਜਿਆ ਹੋਵੇ, ਉਹ ਕਦੇ ਵੀ ਖ਼ਤਮ ਨਹੀਂ ਹੋ ਸਕਦੀ। ਉਨ੍ਹਾਂ ਭਗਵੰਤ ਮਾਨ ਨੂੰ ਆਪਣੀ ਪਾਰਟੀ ਦੀ ਉਮਰ ਬਾਰੇ ਵੀ ਕਿਆਸ ਲਾਉਣ ਨੂੰ ਕਿਹਾ। ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਖ਼ੁਦ ਨੂੰ ਕੌਮੀ ਪਾਰਟੀ ਦੇ ਮੁੱਖ ਮੰਤਰੀ ਦੱਸਦੇ ਹਨ ਜਿਸ ਦੀ ਸੰਸਦ ਵਿੱਚ ਸਿਰਫ ਇੱਕ ਸੀਟ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਸਿੱਧੂ ਨੇ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਸੀ।

Scroll to Top