AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਕਾਉਂਕੇ ਮਾਮਲਾ: ਪਤਨੀ ਵੱਲੋਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਪੁਲੀਸ ਹਿਰਾਸਤ ਦੌਰਾਨ ਹੋਈ ਮੌਤ ਦੇ ਮਾਮਲੇ ਵਿਚ ਅੱਜ ਉਨ੍ਹਾਂ ਦੀ ਪਤਨੀ ਬੀਬੀ ਗੁਰਮੇਲ ਕੌਰ ਨੇ ਜਗਰਾਉਂ ਪੁਲੀਸ ਨੂੰ ਸ਼ਿਕਾਇਤ ਸੌਂਪੀ ਹੈ। ਸੱਤ ਸਫ਼ਿਆਂ ਦੀ ਸ਼ਿਕਾਇਤ ’ਚ 16 ਪੁਲੀਸ ਅਫ਼ਸਰਾਂ ਦੇ ਨਾਂ ਦਾ ਜ਼ਿਕਰ ਹੈ। ਬੀਬੀ ਗੁਰਮੇਲ ਕੌਰ ਅਤੇ ਉਨ੍ਹਾਂ ਦੇ ਪੁੱਤਰ ਹਰੀ ਸਿੰਘ ਕਾਉਂਕੇ ਨੇ ਇਸ ਮਾਮਲੇ ’ਤੇ ਇਨਸਾਫ਼ ਦੀ ਮੰਗ ਕੀਤੀ ਹੈ। ਸ਼ਿਕਾਇਤ ਦੇਣ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਚ ਪੱਧਰੀ ਵਫ਼ਦ, ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ ਵੀ ਮੌਜੂਦ ਸਨ। ਥਾਣਾ ਸਦਰ ਜਗਰਾਉਂ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਥੇਦਾਰ ਕਾਉਂਕੇ ਦੀ ਕਥਿਤ ਪੁਲੀਸ ਹਿਰਾਸਤ ’ਚ ਹੋਈ ਮੌਤ ਦੇ ਮਾਮਲੇ ’ਚ ਪਰਿਵਾਰ ਨੇ ਤਤਕਾਲੀ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਸ਼ਿਕਾਇਤ ’ਚ ਬਾਕਾਇਦਾ ਇਨ੍ਹਾਂ ਦੇ ਨਾਂ ਵੀ ਦਰਜ ਹਨ। ਬੀਬੀ ਗੁਰਮੇਲ ਕੌਰ ਨੇ ਕਿਹਾ ਕਿ ਜਿਹੜੇ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਦੇ ਪਤੀ ’ਤੇ ਅੰਨ੍ਹਾ ਤਸ਼ੱਦਦ ਕਰਕੇ ਸ਼ਹੀਦ ਕੀਤਾ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਬਹੁਤ ਲੰਮਾ ਸਮਾਂ ਇਨਸਾਫ ਲਈ ਦਰ ਦਰ ਭਟਕੇ ਹਨ ਪਰ ਇਸ ਦੁੱਖ ਦੀ ਘੜੀ ਵਿਚ ਪੰਥਕ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਮਿਲਣ ਨਾਲ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਭਾਈ ਕਾਉਂਕੇ ਦੇ ਮਾਮਲੇ ’ਚ ਹੁਣ ਹੋਰ ਸਮਾਂ ਖ਼ਰਾਬ ਨਹੀਂ ਕੀਤਾ ਜਾਵੇਗਾ ਤੇ ਲੋੜ ਪੈਣ ’ਤੇ ਉਹ ਸੁਪਰੀਮ ਕੋਰਟ ਜਾਣ ਤੋਂ ਵੀ ਪਿੱਛੇ ਨਹੀਂ ਹਟਣਗੇ।

Scroll to Top