AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਕਿਸਾਨਾਂ ਨੇ ਸੜਕੀ ਆਵਾਜਾਈ ਅਤੇ ਰੇਲ ਮਾਰਗ ਜਾਮ ਕੀਤੇ

ਇੱਥੇ ਅੱਜ ਦਿੱਲੀ-ਜੰਮੂ ਨੈਸ਼ਨਲ ਸੜਕ ਹਾਈਵੇਅ ਜਾਮ ਕਰਨ ਮਗਰੋਂ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਰੇਲ ਮਾਰਗ ਵੀ ਜਾਮ ਕਰ ਦਿੱਤਾ ਹੈ। ਕਿਸਾਨ ਗੰਨੇ ਦਾ ਭਾਅ ਵਧਾਏ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਅੱਜ ਪੀਏਪੀ ਚੌਕ ਤੋਂ ਕੁਝ ਦੂਰੀ ’ਤੇ ਧਨੋਵਾਲੀ ਫਾਟਕ ਨੇੜੇ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ। ਕਿਸਾਨਾਂ ਵੱਲੋਂ ਰੇਲਵੇ ਟਰੈਕ ਬੰਦ ਕਰਨ ਮਗਰੋਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸ਼ਤਾਬਦੀ ਐਕਸਪ੍ਰੈੱਸ ਨੂੰ ਫਗਵਾੜਾ ਵਿੱਚ ਰੋਕ ਦਿੱਤਾ। ਕਿਸਾਨਾਂ ਦਾ ਪ੍ਰਦਰਸ਼ਨ ਜਲੰਧਰ ਕੈਂਟ ਸਟੇਸ਼ਨ ਨੇੜੇ ਹੋਣ ਕਾਰਨ ਅਮਰਪਾਲੀ ਐਕਸਪ੍ਰੈੱਸ ਨੂੰ ਜਲੰਧਰ ਸਿਟੀ ਸਟੇਸ਼ਨ ’ਤੇ ਰੋਕ ਦਿੱਤਾ ਗਿਆ, ਮਗਰੋਂ ਰੇਲ ਨੂੰ ਲੋਹੀਆਂ ਖਾਸ ਰੂਟ ਤੋਂ ਮੋੜ ਦਿੱਤਾ ਗਿਆ। ਰੇਲਵੇ ਵਿਭਾਗ ਮੁਤਾਬਕ ਇਸ ਟਰੈਕ ’ਤੇ ਹਰ 24 ਘੰਟਿਆਂ ਵਿੱਚ 120 ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੇ ਆਸਾਰ ਹਨ। ਇਸੇ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ। ਜਲੰਧਰ ਅਤੇ ਜਲੰਧਰ ਕੈਂਟ ਰੇਲਵੇ ਸਟੇਸ਼ਨਾਂ ਵਾਲੇ ਯਾਤਰੀਆਂ ਨੂੰ ਹੁਣ ਫਗਵਾੜਾ ਜਾਂ ਲੁਧਿਆਣਾ ਰੇਲਵੇ ਸਟੇਸ਼ਨਾਂ ’ਤੇ ਜਾਣਾ ਪਵੇਗਾ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸਰਵਿਸ ਲੇਨ ਤੋਂ ਆਵਾਜਾਈ ਖੋਲ੍ਹ ਦਿੱਤੀ ਸੀ ਪਰ ਕਰੀਬ 11.30 ਵਜੇ ਆਵਾਜਾਈ ਮੁੜ ਰੋਕ ਦਿੱਤੀ ਗਈ। ਅੱਜ ਫਿਰ ਕਿਸਾਨਾਂ ਨੇ ਜਲੰਧਰ ਦੇ ਰਾਮਾਮੰਡੀ ਤੋਂ ਧਰਨੇ ਵਾਲੀ ਥਾਂ ਤੱਕ ਕਰੀਬ 5 ਥਾਵਾਂ ’ਤੇ ਬੈਰੀਕੇਡ ਲਗਾ ਕੇ ਆਵਾਜਾਈ ਰੋਕੀ। ਕਿਸਾਨਾਂ ਦੇ ਧਰਨਿਆਂ ਕਾਰਨ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਨਾਲ ਆਰਪੀਐੱਫ ਅਧਿਕਾਰੀਆਂ ਅਤੇ ਕਮਾਂਡੋਜ਼ ਨੂੰ ਪ੍ਰਦਰਸ਼ਨ ਵਾਲੀ ਥਾਂ ’ਤੇ ਤਾਇਨਾਤ ਕੀਤਾ ਗਿਆ। ਕਿਸਾਨਾਂ ਵੱਲੋਂ ਵੀਰਵਾਰ ਸਵੇਰੇ ਰੇਲਵੇ ਟਰੈਕ ਜਾਮ ਕਰਨ ਤੋਂ ਪਹਿਲਾਂ 40 ਰੇਲਾਂ ਰਵਾਨਾ ਹੋ ਚੁੱਕੀਆਂ ਸਨ। ਕਿਸਾਨਾਂ ਦੇ ਧਰਨੇ ਮਗਰੋਂ ਰੇਲਵੇ ਵਿਭਾਗ ਵੱਲੋਂ 69 ਰੇਲਾਂ ਦੇ ਰੂਟ ਤਬਦੀਲ ਕੀਤੇ ਗਏ ਅਤੇ 54 ਰੇਲਾਂ ਨੂੰ ਰੱਦ ਕੀਤਾ ਗਿਆ ਹੈ। ਵਿਭਾਗ ਵੱਲੋਂ 54 ਰੇਲਾਂ ਵਿੱਚੋਂ 31 ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ। ਕੁੱਝ ਰੇਲ ਗੱਡੀਆਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੱਲਣਗੀਆਂ। ਇਸ ਦੇ ਨਾਲ ਹੀ ਜਲੰਧਰ ਸਿਟੀ ਸਟੇਸ਼ਨ ਅਤੇ ਬਿਆਸ ਜੰਕਸ਼ਨ ਤੋਂ ਚੱਲਣ ਵਾਲੀਆਂ ਰੇਲਾਂ ਦੇ ਰੂਟਾਂ ਨੂੰ ਬਦਲ ਦਿੱਤਾ ਗਿਆ ਹੈ। ਲੁਧਿਆਣਾ, ਅੰਬਾਲਾ, ਪਾਣੀਪਤ, ਦਿੱਲੀ ਤੋਂ ਹੁੰਦੇ ਹੋਏ ਦੂਜੇ ਰਾਜਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਹੁਣ ਨਕੋਦਰ, ਲੋਹੀਆਂ ਖਾਸ ਤੋਂ ਫਗਵਾੜਾ ਹੋ ਕੇ ਰਵਾਨਾ ਹੋਣਗੀਆਂ।

Scroll to Top