AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਕਿਸਾਨ ਧਿਰਾਂ ’ਚ ਮੁੜ ਏਕੇ ਦਾ ਮੁੱਢ ਬੱਝਣ ਲੱਗਾ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ’ਚ ਮੁੜ ਏਕਤਾ ਦਾ ਮੁੱਢ ਬੱਝਣ ਲੱਗਿਆ ਹੈ। ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ਪੈਦਾ ਹੋਈ ਨਵੀਂ ਚੁਣੌਤੀ ਨੇ ਕਿਸਾਨ ਜਥੇਬੰਦੀਆਂ ਨੂੰ ਆਪਸੀ ਤਾਲ ਮਿਲਾਉਣ ਲਈ ਰਾਹ ਦਿਖਾਉਣਾ ਸ਼ੁਰੂ ਕੀਤਾ ਹੈ। ਐਤਵਾਰ ਵਾਲੇ ਦਿਨ ਜਲੰਧਰ ਤੋਂ ਕਿਸਾਨ ਧਿਰਾਂ ਦੇ ਆਗੂਆਂ ਦੀ ਆਪਸੀ ਏਕਤਾ ਦੀ ਗੱਲ ਤੁਰੀ ਜਦੋਂ ਮਰਹੂਮ ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਦੀ ਸ਼ੋਕ ਸਭਾ ਵਿੱਚ ਕਿਸਾਨ ਆਗੂ ਜੁੜੇ ਹੋਏ ਸਨ। ਜੇਕਰ ਵੱਡੇ ਅੜਿੱਕੇ ਨਾ ਪਏ ਤਾਂ ਮੌਜੂਦਾ ਐਸਵਾਈਐਲ ਦਾ ਮੁੱਦਾ ਕਿਸਾਨ ਏਕੇ ਦਾ ਸਬੱਬ ਬਣ ਸਕਦਾ ਹੈ। ਪਾਣੀਆਂ ਦੇ ਮੁੱਦੇ ’ਤੇ ਕਿਸਾਨ ਆਗੂਆਂ ਦੇ ਮੁੜ ਸਿਰ ਜੁੜ ਸਕਦੇ ਹਨ ਅਤੇ ਇਸ ਦੇ ਨਤੀਜੇ ਵੀ ਲੋਕ ਆਸਾਂ ਮੁਤਾਬਿਕ ਆ ਸਕਦੇ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲੇ ਅੰਦੋਲਨ ’ਚ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਏਕਤਾ ਅਤੇ ਅਨੁਸ਼ਾਸਨ ਨੇ ਕੌਮੀ ਸਫ਼ਾਂ ਤੱਕ ਇਸ ਦੀ ਚਰਚਾ ਛੇੜ ਦਿੱਤੀ ਸੀ। ਉਸ ਸਮੇਂ ਜੱਗ ਹਸਾਈ ਵੀ ਹੋਈ ਸੀ ਜਦੋਂ ਦਿੱਲੀ ਤੋਂ ਵਾਪਸ ਪੰਜਾਬ ਆ ਕੇ ਕਿਸਾਨ ਆਗੂ ਖੱਖੜੀਆਂ ਕਰੇਲੇ ਹੋ ਗਏ ਸਨ। ਬਲਬੀਰ ਸਿੰਘ ਰਾਜੇਵਾਲ ਦੇ ਧੜੇ ਸਣੇ ਚਾਰ ਹੋਰ ਕਿਸਾਨ ਧਿਰਾਂ ਨੇ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲਿਆ ਅਤੇ ਇਨ੍ਹਾਂ ਚੋਣਾਂ ਵਿਚ ਜ਼ਮਾਨਤਾਂ ਜ਼ਬਤ ਹੋਣ ਦਾ ਮਤਲਬ ਸੀ ਕਿ ਲੋਕਾਂ ਨੂੰ ਕਿਸਾਨ ਆਗੂਆਂ ਦਾ ਸਿਆਸੀ ਪਿੜ ’ਚ ਕੁੱਦਣਾ ਪਸੰਦ ਨਹੀਂ ਆਇਆ। ਰਾਜੇਵਾਲ ਦਾ ਕਹਿਣਾ ਸੀ ਕਿ ਦਿੱਲੀ ਅੰਦੋਲਨ ਦੀ ਸਮਾਪਤੀ ਮਗਰੋਂ ਸਰਕਾਰਾਂ ਨੇ ਕਿਸਾਨੀ ਮੰਗਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਅਤੇ ਹੁਣ ਰਿਪੇਰੀਅਨ ਅਧਿਕਾਰਾਂ ਨੂੰ ਖੋਹਣ ਦੀ ਕਿਸੇ ਵੀ ਕੋਸ਼ਿਸ਼ ਦਾ ਸਾਂਝਾ ਵਿਰੋਧ ਕਰਨ ਲਈ ਸਾਰੇ ਆਗੂਆਂ ਨਾਲ ਗੱਲ ਕਰਨਗੇ। ਬੀਕੇਯੂ ਡੱਲੇਵਾਲ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਆਖਦੇ ਹਨ ਕਿ ਉਨ੍ਹਾਂ ਦੀ ਜਥੇਬੰਦੀ ਤਾਂ ਹੀ ਸ਼ਾਮਲ ਹੋਵੇਗੀ ਕਿ ਜੇ ਬਾਕੀ ਧਿਰਾਂ ਗੈਰ ਸਿਆਸੀ ਹੋ ਕੇ ਕਿਸਾਨੀ ਮੁੱਦਿਆਂ ਦੀ ਗੱਲ ਕਰਨਗੀਆਂ। ਚੇਤੇ ਰਹੇ ਕਿ ਬੀਕੇਯੂ ਉਗਰਾਹਾਂ ਅਤੇ ਬੀਕੇਯੂ ਡਕੌਂਦਾ ਨੂੰ ਪਿਛਲੇ ਸਮੇਂ ਦੌਰਾਨ ਫੁੱਟ ਦਾ ਸ਼ਿਕਾਰ ਵੀ ਹੋਣਾ ਪਿਆ ਹੈ। ਪਾਣੀਆਂ ਦੀ ਗੱਲ ਕਰੀਏ ਤਾਂ ਕਿਰਤੀ ਕਿਸਾਨ ਯੂਨੀਅਨ ਨੇ ਐੱਸਵਾਈਐੱਲ ਦੇ ਮੁੱਦੇ ’ਤੇ ਇੱਕ ਰੋਜ਼ਾ ਅੰਦੋਲਨ ਵੀ ਕੀਤਾ ਹੈ ਅਤੇ ਪਾਣੀਆਂ ਦੇ ਮੁੱਦੇ ’ਤੇ ਰਾਜੇਵਾਲ ਧੜੇ ਵੱਲੋਂ ਪਿਛਲੇ ਸਮੇਂ ਦੌਰਾਨ ਇਕਹਿਰੇ ਰੂਪ ਵਿੱਚ ਪ੍ਰਦਰਸ਼ਨ ਵੀ ਕੀਤੇ ਗਏ ਸਨ। ਹੁਣ ਜਦੋਂ ਪੰਜਾਬ ਵਿਚ ਐੱਸਵਾਈਐੱਲ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ ਅਤੇ ਸਿਆਸੀ ਧਿਰਾਂ ਇੱਕ ਦੂਜੇ ਖ਼ਿਲਾਫ਼ ਤਣੀਆਂ ਹੋਈਆਂ ਹਨ ਤਾਂ ਕਿਸਾਨ ਧਿਰਾਂ ਦੀ ਏਕਾਮਈ ਅਗਵਾਈ ਪੰਜਾਬ ਨੂੰ ਰਾਸ ਆ ਸਕਦੀ ਹੈ। ਸੰਯੁਕਤ ਕਿਸਾਨ ਮੋਰਚਾ ਨੇ 18 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਬੁਲਾ ਲਈ ਹੈ। ਐੱਸਕੇਐੱਮ ਦੇ ਸੀਨੀਅਰ ਆਗੂ ਡਾ. ਦਰਸ਼ਨ ਪਾਲ ਦਾ ਕਹਿਣਾ ਸੀ ਕਿ 18 ਅਕਤੂਬਰ ਦੀ ਮੀਟਿੰਗ ਲਈ ਸਭਨਾਂ ਧਿਰਾਂ ਨੂੰ ਸੱਦਾ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਹੁਣ ਪਾਣੀਆਂ ਦੇ ਮੁੱਦੇ ’ਤੇ ਕਿਸਾਨ ਭਾਈਚਾਰਾ ਵੀ ਕਿਸਾਨ ਜਥੇਬੰਦੀਆਂ ਦੇ ਮੂੰਹ ਵੱਲ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਏਕਤਾ ਸਮੇਂ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐੱਸਵਾਈਐੱਲ ਦੇ ਸਰਵੇਖਣ ਲਈ ਆਉਣ ਵਾਲੀ ਕੇਂਦਰੀ ਟੀਮ ਦੇ ਵਿਰੋਧ ਲਈ ਸਾਂਝਾ ਪ੍ਰਦਰਸ਼ਨ ਕਰਨ ਦੀ ਤਕਰੀਬਨ ਧਿਰਾਂ ਨੇ ਸਹਿਮਤੀ ਦੇ ਦਿੱਤੀ ਹੈ। ਦੇਖਿਆ ਜਾਵੇ ਤਾਂ ਫ਼ਿਲਹਾਲ ਆਮ ਲੋਕ ਕਿਸਾਨ ਜਥੇਬੰਦੀਆਂ ਨੂੰ ਉਹ ਹੁੰਗਾਰਾ ਨਹੀਂ ਦੇ ਰਹੇ ਹਨ ਜਿਸ ਤਰ੍ਹਾਂ ਦਾ ਇਤਬਾਰ ਲੋਕਾਂ ਨੇ ਦਿੱਲੀ ਮੋਰਚੇ ਸਮੇਂ ਕੀਤਾ ਸੀ। ਕਿਸਾਨ ਜਥੇਬੰਦੀਆਂ ਅੱਗੇ ਵੱਡਾ ਸੁਆਲ ਹੁਣ ਗੁਆਚੇ ਹੋਏ ਵੱਕਾਰ ਨੂੰ ਬਹਾਲ ਕਰਨਾ ਅਤੇ ਭਰੋਸੇਯੋਗਤਾ ਨੂੰ ਕਾਇਮ ਕਰਨਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਕਿਸਾਨ ਧਿਰਾਂ ਦੀ ਏਕਤਾ ਪਾਣੀਆਂ ਦੇ ਮੁੱਦੇ ਨੂੰ ਨਵਾਂ ਮੋੜਾ ਦੇ ਸਕਦੀ ਹੈ ਅਤੇ ਕਿਸਾਨਾਂ ਦਾ ਸੰਘਰਸ਼ ਪਾਣੀਆਂ ਦੇ ਵਿਵਾਦ ਨੂੰ ਟਿਕਾਊ ਹੱਲ ਵੱਲ ਲਿਜਾ ਸਕਦਾ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਰਮਿਆਨ ਪਏ ਖੱਪੇ ਨੂੰ ਕਿਸਾਨੀ ਅੰਦੋਲਨ ਹੀ ਪੂਰ ਸਕਦਾ ਹੈ। ਪਤਾ ਲੱਗਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਪੱਧਰ ਦੀ ਮੀਟਿੰਗ 20 ਅਕਤੂਬਰ ਨੂੰ ਦਿੱਲੀ ਵਿੱਚ ਹੋ ਰਹੀ ਹੈ। ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨੀ ਮੰਗਾਂ ’ਤੇ ਸਮੁੱਚੀਆਂ ਕਿਸਾਨ ਧਿਰਾਂ ਏਕੇ ਦਾ ਬਿਗਲ ਵਜਾ ਸਕਦੀਆਂ ਹਨ। ਇਸੇ ਦੌਰਾਨ ਖ਼ਬਰ ਆਈ ਹੈ ਕਿ ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਨੇ 20 ਅਕਤੂਬਰ ਨੂੰ ਵੱਖਰੀ ਮੀਟਿੰਗ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਬੁਲਾ ਲਈ ਹੈ। ਚੇਤੇ ਰਹੇ ਕਿ ਜਦੋਂ ਅੰਦੋਲਨਕਾਰੀ ਧਿਰਾਂ ਦਿੱਲੀ ਤੋਂ ਪੰਜਾਬ ਮੁੜੀਆਂ ਸਨ ਤਾਂ ਉਸ ਮਗਰੋਂ ਸੰਯੁਕਤ ਕਿਸਾਨ ਮੋਰਚਾ ਤਿੰਨ ਹਿੱਸਿਆ ਵਿੱਚ ਵੰਡਿਆ ਗਿਆ ਸੀ। ਰਾਜੇਵਾਲ ਸਣੇ ਪੰਜ ਕਿਸਾਨ ਧਿਰਾਂ ਦਾ ਵੱਖਰਾ ਧੜਾ, ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲਾ ਵੱਖਰਾ ਗਰੁੱਪ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਧਿਰਾਂ ਦਾ ਆਪਣਾ ਰੌਂਅ ਰਿਹਾ ਹੈ। ਬਹੁਤੇ ਕਿਸਾਨ ਆਗੂਆਂ ਨੇ ਮਹਿਸੂਸ ਕਰ ਲਿਆ ਹੈ ਕਿ ਏਕਤਾ ਬਿਨਾ ਲੋਕ ਹੁੰਗਾਰਾ ਮਿਲਣਾ ਮੁਸ਼ਕਲ ਹੈ।

Leave a Comment

Your email address will not be published. Required fields are marked *

Scroll to Top