AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਕਿਸਾਨ ਯੂਨੀਅਨ ਵੱਲੋਂ ਥਾਣੇ ਦਾ ਘਿਰਾਓ

ਜ਼ਿਲ੍ਹੇ ਦੇ ਪਿੰਡ ਨੇਹੀਆਂਵਾਲਾ-ਮਹਿਮਾ ਸਰਜਾ ਦੀ ਹੱਦ ਵਿੱਚ ਪਰਾਲੀ ਸਾੜਨ ਤੋਂ ਰੋਕਣ ਆਏ ਉੱਡਣ ਦਸਤੇ ਦੇ ਨੋਡਲ ਅਫਸਰ ਤੋਂ ਹੀ ਪਰਾਲੀ ਨੂੰ ਅੱਗ ਲਵਾਉਣ ਦੇ ਮਾਮਲੇ ਵਿੱਚ ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਥਾਣਾ ਨੇਹੀਆਂਵਾਲਾ ਦਾ ਘਿਰਾਓ ਕੀਤਾ। ਬਾਅਦ ਵਿੱਚ ਕਿਸਾਨ ਯੂਨੀਅਨ ਨੇ ਗ੍ਰਿਫ਼ਤਾਰ ਕਿਸਾਨ ਮਾਸਟਰ ਬਚਿੱਤਰ ਸਿੰਘ ਨੂੰ ਰਿਹਾਅ ਕਰਨ ਅਤੇ ਪ੍ਰਸ਼ਾਸਨ ਵੱਲੋਂ ਬਾਕੀ ਮੰਗਾਂ ਮੰਨਣ ਦੇ ਦਿੱਤੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਸੂਬਾਈ ਆਗੂ ਕਾਕਾ ਸਿੰਘ ਕੋਟੜਾ, ਬਲਾਕ ਬਠਿੰਡਾ ਦੇ ਪ੍ਰਧਾਨ ਕੁਲਵੰਤ ਸਿੰਘ ਨੇਹੀਆਂਵਾਲਾ, ਮੀਤ ਪ੍ਰਧਾਨ ਜੋਧ ਸਿੰਘ ਨੰਗਲਾ, ਗੁਰਦੀਪ ਸਿੰਘ ਮਹਿਮਾ ਸਰਜਾ ਤੇ ਰਣਜੀਤ ਸਿੰਘ ਜੀਦਾ ਨੇ ਕਿਹਾ ਕਿ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਪਰਾਲੀ ਦਾ ਹੱਲ ਲੱਭਣ ਦੀ ਬਜਾਏ ਕਿਸਾਨਾਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ, ਜਦੋਂਕਿ ਜ਼ਿਲ੍ਹੇ ਵਿੱਚ ਪਰਾਲੀ ਦੀ ਗੱਠਾਂ ਬਣਾਉਣ ਵਾਲੇ ਬੇਲਰਾਂ ਦੀ ਘਾਟ ਹੈ। ਜ਼ਿਕਰਯੋਗ ਹੈ ਕਿ ਪਿੰਡ ਨੇਹੀਆਂਵਾਲਾ ਦੇ ਕਿਸਾਨਾਂ ਨੇ ਪਰਾਲੀ ਸਾੜਨ ਤੋਂ ਰੋਕਣ ਵਾਲੇ ਉੱਡਣ ਦਸਤੇ ਦੇ ਅਧਿਕਾਰੀ ਹਰਪ੍ਰੀਤ ਸਾਗਰ ਅਤੇ ਉਸ ਦੀ ਟੀਮ ਨੂੰ ਖੇਤਾਂ ਵਿੱਚ ਅੱਗ ਲਗਾਉਣ ਲਈ ਮਜਬੂਰ ਕੀਤਾ ਸੀ। ਪੀਡਬਲਿਊਡੀ ਦੇ ਅਧਿਕਾਰੀ ਹਰਪ੍ਰੀਤ ਸਾਗਰ ਨੇ ਇਸ ਸਬੰਧੀ ਥਾਣਾ ਨੇਹੀਆਂਵਾਲਾ ਵਿੱਚ ਉਕਤ ਖੇਤ ਦੇ ਮਾਲਕ ਕਿਸਾਨ ਰਾਮ ਸਿੰਘ ਤੋਂ ਇਲਾਵਾ ਨੌਂ ਹੋਰ ਕਿਸਾਨ ਆਗੂਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਕਿਸਾਨ ਆਗੂਆਂ ਨੇ ਇਸ ਘਟਨਾ ਸਬੰਧੀ ਮੁਆਫ਼ੀ ਮੰਗ ਲਏ ਜਾਣ ਦੇ ਬਾਵਜੂਦ ਕੇਸ ਦਰਜ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਕਿਸਾਨ ਯੂਨੀਅਨ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਕੇਸ ਰੱਦ ਹੋਣ ਤੱਕ ਧਰਨਾ ਜਾਰੀ ਰਹੇਗਾ। ਉੱਧਰ, ਧਰਨੇ ਦੌਰਾਨ ਇਕੱਠੇ ਹੋਏ ਕਿਸਾਨਾਂ ਨੂੰ ਸ਼ਾਂਤ ਕਰਦਿਆਂ ਸਥਾਨਕ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਕਿਸਾਨ ਮਾਸਟਰ ਬਚਿੱਤਰ ਸਿੰਘ ਨੂੰ ਰਿਹਾਅ ਕਰ ਦਿੱਤਾ। ਇਸ ਦੌਰਾਨ ਭੁੱਚੋ ਦੇ ਡੀਐੱਸਪੀ ਰਛਪਾਲ ਸਿੰਘ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਵੱਲੋਂ ਏਡੀਸੀ ਬਠਿੰਡਾ ਪੂਨਮ ਸਿੰਘ ਨੇ ਕਿਸਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਇੱਕ ਹਫ਼ਤੇ ਵਿੱਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ।

Scroll to Top