AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਕੇਜਰੀਵਾਲ ਤੇ ਮਾਨ ਵੱਲੋਂ ਮੱਧ ਪ੍ਰਦੇਸ਼ ’ਚ ਰੋਡ ਸ਼ੋਅ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਨੇ ਅੱਜ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਵਿੱਚ ਪਾਰਟੀ ਉਮੀਦਵਾਰਾਂ ਲਈ ਰੋਡ ਸ਼ੋਅ ਕੱਢਿਆ। ਸ੍ਰੀ ਮਾਨ ਨੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਸੂਬੇ ’ਚ ‘ਆਪ’ ਦੀ ਇਮਾਨਦਾਰ ਸਰਕਾਰ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਤੇ ਪੰਜਾਬ ਵਾਂਗ ਮੱਧ ਪ੍ਰਦੇਸ਼ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਮੁਫਤ ਬਜਿਲੀ, ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲਣਗੀਆਂ। ਮੱਧ ਪ੍ਰਦੇਸ਼ ਅਸੈਂਬਲੀ ਦੀਆਂ 230 ਸੀਟਾਂ ਲਈ 17 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਅੱਜ ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਤੇ ਹਰਮਨਪਿਆਰੀ ਪਾਰਟੀ ਹੈ, ਜਿਸ ਕਰਕੇ ਭਾਜਪਾ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇੱਕ ਸੋਚ ਤੇ ਕ੍ਰਾਂਤੀ ਹੈ, ਜਿਸ ਨੂੰ ਉਹ ਰੋਕ ਨਹੀਂ ਸਕਣਗੇ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਸੰਜੈ ਸਿੰਘ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਰਾਜ ਸਭਾ ਮੈਂਬਰ ਨੇ ਅਡਾਨੀ ਤੇ ਮੋਦੀ ਸਰਕਾਰ ਖਿਲਾਫ਼ ਆਵਾਜ਼ ਉਠਾਈ ਸੀ। ਫਿਰ ਉਨ੍ਹਾਂ ਦਿੱਲੀ ’ਚ ਸਿਹਤ ਤੇ ਸਿੱਖਿਆ ਕ੍ਰਾਂਤੀ ਲਿਆਉਣ ਵਾਲੇ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ’ਚ ਭਾਜਪਾ ਦੀ ਸਰਕਾਰ ਹੈ ਪਰ ਆਮ ਲੋਕਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ‘ਆਪ’ ਨੂੰ ਵੋਟ ਦੇਣ। ਉਨ੍ਹਾਂ ਕਿਹਾ ਕਿ ਭਾਜਪਾ ‘ਭਾਰਤੀ ਜੁਮਲਾ ਪਾਰਟੀ’ ਹੈ। ਉਹ ਮੁਫਤ ਤੇ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ‘ਰੇਵੜੀ’ ਕਹਿੰਦੇ ਹਨ ਪਰ ਲੋਕਾਂ ਨੂੰ ‘15 ਲੱਖ ਦਾ ਪਾਪੜ’ ਵੀ ਨਹੀਂ ਮਿਲਿਆ।

Scroll to Top