
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਭਾਰਤ-ਕੈਨੇਡਾ ਤਣਾਅ ਅਤੇ ਸੂਬੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹ ਇਥੇ ਟਕਸਾਲੀ ਆਗੂ ਤਰਸੇਮ ਸਿੰਘ ਰੱਤੀਆਂ ਤੇ ਹੋਰ ਆਗੂਆਂ ਦੇ ਘਰ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਭਾਰਤ-ਕੈਨੇਡਾ ਤਣਾਅ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨਾਲ ਮੁਲਾਕਾਤ ਕਰਕੇ ਮਾਮਲੇ ਨੂੰ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ, ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ ਪਰ ਇਸ ਵੇਲੇ ਉਨ੍ਹਾਂ ਦੇ ਪਰਿਵਾਰ ਮੁਸ਼ਕਲਾਂ ਵਿੱਚ ਘਿਰ ਗਏ ਹਨ। ਸੁਖਬੀਰ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਵੱਲੋਂ ਕਰਵਾਇਆ ਗਿਆ ਪੰਜਾਬ ਟੂਰਿਜ਼ਮ ਸੰਮੇਲਨ ਅਤੇ ਉਦਯੋਗ ਸੰਮੇਲਨ ਫ਼ਲਾਪ ਹੋਇਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਸਿਰਫ 18 ਮਹੀਨਿਆਂ ਵਿੱਚ 50 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ। ਇਨ੍ਹਾਂ ਨੇ ਚੋਣ ਪ੍ਰਚਾਰ ’ਤੇ ਹੀ 750 ਕਰੋੜ ਰੁਪਏ ਖਰਚ ਦਿੱਤੇ ਹਨ। ਪੰਜਾਬ ਦੇ ਕਿਸਾਨ ਤਿੰਨ ਮਹੀਨੇ ਬਾਅਦ ਵੀ ਹੜ੍ਹਾਂ ਨਾਲ ਬਰਬਾਦ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ, ਔਰਤਾਂ ਸਰਕਾਰ ਦੇ 18 ਮਹੀਨੇ ਬੀਤਣ ਬਾਅਦ ਹਾਲੇ ਵੀ ਆਪਣੀ ਇਕ ਹਜ਼ਾਰ ਪ੍ਰਤੀ ਮਹੀਨਾ ਵਾਲੀ ਗਾਰੰਟੀ ਦੀ ਉਡੀਕ ਕਰ ਰਹੀਆਂ ਹਨ, ਜਦਕਿ ਬਜ਼ੁਰਗ ਮਹੀਨੇ ਦੀ 2500 ਰੁਪਏ ਪੈਨਸ਼ਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਕੌਮ ਅਤੇ ਹੋਰ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਕੀਤੇ ਜਾ ਰਹੇ ਕੂੜ ਪ੍ਰਚਾਰ ਵਿਰੁੱਧ ਇੱਕਜੁੱਟ ਹੋਣ। ਉਨ੍ਹਾਂ ਹੁਸ਼ਿਆਰਪੁਰ ਵਿਚ ਬੇਅਦਬੀ ਦੀ ਘਟਨਾ ਦੀ ਨਿਖ਼ੇਧੀ ਕਰਦਿਆਂ ਕਿਹਾ ਕਿ ਸੂਬੇ ਵਿੱਚ ਜੰਗਲ ਰਾਜ ਚੱਲ ਰਿਹਾ ਹੈ ਤੇ ਰੋਜ਼ਾਨਾ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।