AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਗੁਰਦੁਆਰਾ ਸਾਹਿਬ ਦੀ ਵਿਵਾਦਤ ਜ਼ਮੀਨ ਦਾ ਮਾਮਲਾ, ਦੂਜਾ ਬਰਗਾੜੀ ਕੇਸ ਬਣਨ ਤੋਂ ਬਚਿਆ ਸੁਲਤਾਨਪੁਰ ਲੋਧੀ

ਬੀਤੇ ਦਿਨੀਂ ਸੁਲਤਾਨਪੁਰ ਲੋਧੀ ਵਿਖੇ ਨਿਹੰਗਾਂ ਅਤੇ ਪੁਲਸ ਵਿਚਾਲੇ ਹੋਏ ਝਗੜੇ ਦੌਰਾਨ ਇਕ ਹੋਮਗਾਰਡ ਮੁਲਾਜ਼ਮ ਦੇ ਸ਼ਹੀਦ ਹੋਣ ਦੇ ਮਾਮਲੇ ’ਚ ਜੇਕਰ ਮੌਕੇ ’ਤੇ ਤਾਇਨਾਤ ਪੁਲਸ ਅਧਿਕਾਰੀਆਂ ਨੇ ਸੰਜ਼ਮ ਤੋਂ ਕੰਮ ਨਾ ਲਿਆ ਹੁੰਦਾ ਤਾਂ ਸੁਲਤਾਨਪੁਰ ਲੋਧੀ ਨੂੰ ਦੂਜਾ ਬਰਗਾੜੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਸੀ। ਇਸ ਸਮੁੱਚੀ ਘਟਨਾ ਵਿਚ ਹੋਮ ਗਾਰਡ ਜਵਾਨ ਦੀ ਸ਼ਹਾਦਤ ਤੋਂ ਇਲਾਵਾ ਜੇਕਰ ਨਿਹੰਗ ਸਿੰਘਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਕਈ ਸੀਨੀਅਰ ਪੁਲਸ ਅਧਿਕਾਰੀਆਂ ਦਾ ਕੈਰੀਅਰ ਤਬਾਹ ਹੋ ਸਕਦਾ ਸੀ। ਮੌਕੇ ’ਤੇ ਪੁਲਸ ਅਧਿਕਾਰੀਆਂ ਵੱਲੋਂ ਵਰਤੀ ਗਈ ਸੰਜ਼ਮੀ ਕਾਰਜਪ੍ਰਣਾਲੀ ਕਾਰਨ ਆਮ ਆਦਮੀ ਪਾਰਟੀ ਸਰਕਾਰ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸੁਲਤਾਨਪੁਰ ਲੋਧੀ ’ਚ ਇਕ ਗੁਰਦੁਆਰਾ ਸਾਹਿਬ ਦੀ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਇਕ ਧਿਰ ਨਾਲ ਸਬੰਧਤ ਨਿਹੰਗਾਂ ਨੇ ਦੂਜੀ ਧਿਰ ਨਾਲ ਸਬੰਧਤ ਨਿਹੰਗਾਂ ਦੀ ਕੁੱਟਮਾਰ ਕੀਤੀ ਸੀ ਅਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੋਂ ਭਜਾ ਦਿੱਤਾ ਸੀ, ਜਿਨ੍ਹਾਂ ਨਿਹੰਗਾਂ ਨੇ ਇਸ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਸੀ, ਉਨ੍ਹਾਂ ਨੂੰ ਛੁਡਵਾਉਣ ਲਈ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਦੇ ਹੁਕਮਾਂ ’ਤੇ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਜਦੋਂ ਜ਼ਮੀਨ ’ਤੇ ਕਬਜ਼ਾ ਕਰ ਚੁੱਕੇ ਨਿਹੰਗ ਸਿੰਘਾਂ ਨੂੰ ਬਾਹਰ ਆਉਣ ਲਈ ਕਿਹਾ ਤਾਂ ਉਸ ਵੇਲੇ ਹਾਲਾਤ ਇਕਦਮ ਗੰਭੀਰ ਰੂਪ ਧਾਰਨ ਕਰ ਗਏ। ਇਸ ਦੌਰਾਨ ਨਿਹੰਗ ਪੱਖ ਵੱਲੋਂ ਕੀਤੀ ਫਾਈਰਿੰਗ ਦੌਰਾਨ ਕਪੂਰਥਲਾ ਪੁਲਸ ਦਾ ਹੋਮਗਾਰਡ ਜਵਾਨ ਸ਼ਹੀਦ ਹੋ ਗਿਆ। ਇੰਨੀ ਵੱਡੀ ਘਟਨ ਵਾਪਰਨ ਤੋਂ ਬਾਅਦ ਵੀ ਪੁਲਸ ਅਧਿਕਾਰੀਆਂ ਨੇ ਇਥੇ ਆਪਣੇ ਜਵਾਨ ਖੋਹਣ ਦਾ ਗੁੱਸਾ ਜ਼ਾਹਰ ਨਾ ਕਰਦੇ ਹੋਏ ਜਿੱਥੇ ਆਪਣੇ-ਆਪ ’ਤੇ ਪੂਰਾ ਕੰਟਰੋਲ ਰੱਖਿਆ, ਉੱਥੇ ਹੀ ਸਾਲ 2007 ਬੈਚ ਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਜਲੰਧਰ ਰੇਂਜ ਦੇ ਡੀ. ਆਈ. ਜੀ. ਐੱਸ. ਭੂਪਤੀ ਨੇ ਮੌਕੇ ’ਤੇ ਪੁੱਜ ਕੇ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਨਾਲ ਸਾਂਝੇ ਤੌਰ ’ਤੇ ਇਕ ਵੱਡੀ ਰਾਜਨੀਤੀ ਤਿਆਰ ਕਰਦੇ ਹੋਏ ਹਾਲਾਤ ਨੂੰ ਭਿਆਨਕ ਹੋਣ ਤੋਂ ਬਚਾਅ ਲਿਆ। ਇਸ ਦੇ ਸਿੱਟੇ ਵਜੋਂ ਇਸ ਸਨਸਨੀਖੇਜ਼ ਘਟਨਾਕ੍ਰਮ ਨਾਲ ਸੰਬੰਧਤ ਕਈ ਮੁਲਜ਼ਮਾਂ ਨੂੰ ਬਿਨਾਂ ਜਾਨੀ ਨੁਸਕਾਨ ਤੋਂ ਕਾਬੂ ਕਰ ਲਿਆ ਗਿਆ, ਉੱਥੇ ਹੀ ਇਸ ਘਟਨਾਕ੍ਰਮ ਦੌਰਾਨ ਇਕ ਗੁੱਸੇ ਵਿਚ ਆਏ ਪੁਲਸ ਅਧਿਕਾਰੀ ਵੀ ਫਾਈਰਿੰਗ ਕਰ ਦਿੰਦੇ ਤਾਂ ਨਿਹੰਗ ਸਿੰਘਾਂ ਦਾ ਜਾਨੀ ਨੁਸਕਾਨ ਹੋਣ ਨਾਲ ਪੰਜਾਬ ਪੁਲਸ ਦੇ ਵੱਡੇ ਅਧਿਕਾਰੀਆਂ ਦਾ ਭਵਿੱਖ ਤਬਾਹ ਹੋ ਜਾਣਾ ਸੀ। ਜ਼ਿਕਰਯੋਗ ਹੈ ਕਿ ਸਾਲ 2015 ਵਿਚ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿਖੇ ਤਾਇਨਾਤ ਪੁਲਸ ਅਧਿਕਾਰੀਆਂ ਨੂੰ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਈ ਬੇਅਦਬੀ ਤੋਂ ਨਾਰਾਜ਼ ਹਜ਼ਾਰਾਂ ਲੋਕਾਂ ਦੀ ਭੀੜ ’ਤੇ ਗੋਲ਼ੀਆਂ ਚਲਾਉਣੀਆਂ ਪਈਆਂ ਸਨ। ਜਿਸ ਦੌਰਾਨ 2 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਤਤਕਾਲੀ ਅਕਾਲੀ-ਭਾਜਪਾ ਸਰਕਾਰ ਪੂਰੀ ਤਰ੍ਹਾਂ ਬੈਕਫੁੱਟ ’ਤੇ ਆ ਗਈ ਸੀ, ਜਦਕਿ ਇਸ ਬਰਗਾੜੀ ਕਾਂਡ ਕਾਰਨ ਪੰਜਾਬ ’ਚ ਅਕਾਲੀ-ਭਾਜਪਾ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਸੀ, ਇਸ ਬਰਗਾੜੀ ਕਾਂਡ ਕਾਰਨ ਤਤਕਾਲੀਨ ਆਈ. ਜੀ. ਬਠਿੰਡਾ ਜ਼ੋਨ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਪਰਮਰਾਜ ਸਿੰਘ ਕੁਵਰਾ ਨੰਗਲ, ਐੱਸ. ਐੱਸ. ਪੀ. ਫਰੀਦਕੋਟ ਚਰਨਜੀਤ ਸ਼ਾਮਾ ਅਤੇ ਕਈ ਜੀ. ਓ. ਰੈਂਕ ਦੇ ਅਧਿਕਾਰੀਆਂ ’ਤੇ ਐੱਫ਼. ਆਰ. ਆਈ. ਦਰਜ ਕਰਨ ਦੇ ਨਾਲ-ਨਾਲ ਕਈਆਂ ਨੂੰ ਸਲਾਖਾਂ ਪਿੱਛੇ ਵੀ ਜਾਣਾ ਪਿਆ। ਜਿਸ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ-ਭਾਜਪਾ ਗਠਜੋੜ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਪਰ ਇਸ ਮਾਮਲੇ ’ਚ ਪੁਲਸ ਅਧਿਕਾਰੀਆਂ ਨੇ ਜਿਸ ਤਰ੍ਹਾਂ ਨਾਲ ਪੂਰੇ ਸਬਰ ਨਾਲ ਕੰਮ ਕੀਤਾ, ਉਸ ’ਤੇ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਗਈ, ਜਿਸ ਨਾਲ ਸਰਕਾਰ ਨੂੰ ਬਦਨਾਮੀ ਝੱਲਣੀ ਪੈਂਦੀ। ਸੁਲਤਾਨਪੁਰ ਲੋਧੀ ਦੇ ਮਾਮਲੇ ’ਚ ਦੋਵੇਂ ਆਈ. ਪੀ. ਐੱਸ. ਅਧਿਕਾਰੀ, ਡੀ. ਆਈ. ਜੀ. ਜਲੰਧਰ ਰੇਂਜ ਦੇ ਐੱਸ. ਭੂਪਤੀ ਤੇ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਵੱਲੋਂ ਦਿਖਾਈ ਸਿਆਣਪ ਨੇ ਪੁਲਸ ਅਧਿਕਾਰੀਆਂ ਦੇ ਕੈਰੀਅਰ ਨੂੰ ਦਾਗਦਾਰ ਹੋਣ ਤੋਂ ਬਚਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਜੇਕਰ ਇਸ ਮਾਮਲੇ ’ਚ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਵਿਰੋਧੀ ਧਿਰ ਜੋ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਵੱਡਾ ਮੁੱਦਾ ਲੱਭ ਰਹੀ ਸੀ, ਨੂੰ ਵੱਡਾ ਹਥਿਆਰ ਮਿਲ ਜਾਣਾ ਸੀ। ਕੁੱਲ ਮਿਲਾ ਕੇ ਸੁਲਤਾਨਪੁਰ ਲੋਧੀ ਮਾਮਲੇ ਸਬੰਧੀ ਕੀਤੀ ਗਈ ਸਮਝਦਾਰੀ ਭਰੀ ਕਾਰਵਾਈ ਨੇ ਪੁਲਸ ਤੰਤਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਅਕਸ ਖਰਾਬ ਹੋਣ ਤੋਂ ਬਚ ਗਿਆ। ਇਸ ਸਬੰਧੀ ਜਦੋਂ ਡੀ. ਆਈ. ਜੀ. ਜਲੰਧਰ ਰੇਂਜ ਐੱਸ. ਭੂਪਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੈਂ ਅਤੇ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ’ਤੇ ਪੂਰੀ ਸਮਝਦਾਰੀ ਅਤੇ ਸੰਜ਼ਮ ਨਾਲ ਕੰਮ ਕਰਦੇ ਹੋਏ ਇਸ ਗੰਭੀਰ ਮਾਮਲੇ ਨੂੰ ਹੱਲ ਕਰਨ ਲਈ ਕੰਮ ਕੀਤਾ ਹੈ। ਸਾਡਾ ਉਦੇਸ਼ ਇਸ ਗੰਭੀਰ ਮਾਮਲੇ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਹੱਲ ਕਰਨਾ ਸੀ। ਅਸੀਂ ਇਸ ਨੂੰ ਹੱਲ ਕਰਨ ਵਿਚ ਪੂਰੀ ਤਰ੍ਹਾਂ ਸਫ਼ਲ ਰਹੇ ਹਾਂ।

Scroll to Top