AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਗੰਨਾ ਸੰਘਰਸ਼ ਕਮੇਟੀ ਵੱਲੋਂ ਸੰਗਰੂਰ-ਲੁਧਿਆਣਾ ਹਾਈਵੇਅ ਜਾਮ

ਗੰਨਾ ਸੰਘਰਸ਼ ਕਮੇਟੀ ਨੇ ਮੰਗਾਂ ਦੇ ਹੱਕ ਵਿੱਚ ਅੱਜ ਧੂਰੀ ਦੇ ਪੁਲ ਨੇੜੇ ਦੂਜੇ ਦਿਨ ਵੀ ਸੰਗਰੂਰ-ਲੁਧਿਆਣਾ ਹਾਈਵੇਅ ਜਾਮ ਕਰ ਕੇ ਗੰਨੇ ਦੀਆਂ ਭਰੀਆਂ ਟਰਾਲੀਆਂ ਸੜਕ ਵਿਚਾਲੇ ਖੜ੍ਹੀਆਂ ਕਰ ਕੇ ਧਰਨਾ ਦਿੱਤਾ। ਇਸ ਦੌਰਾਨ ਕਮੇਟੀ ਆਗੂਆਂ ਨੇ ਜਦੋਂ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਅੱਗੇ ਜਾ ਕੇ ਗੰਨੇ ਨੂੰ ਅੱਗ ਲਗਾਉਣ ਦਾ ਯਤਨ ਕੀਤਾ ਤਾਂ ਡਿਪਟੀ ਕਮਿਸ਼ਨਰ ਨੇ 21 ਦਸੰਬਰ ਨੂੰ ਕੇਨ ਕਮਿਸ਼ਨਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਜਾਰੀ ਕਰ ਕੇ ਕਿਸਾਨਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕਿਸਾਨਾਂ ਨੇ ਕਈ ਘੰਟੇ ਧੂਰੀ ਦਾ ਪੁਲ ਜਾਮ ਕੀਤਾ ਸੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ, ਅਵਤਾਰ ਸਿੰਘ ਤਾਰੀ ਭੁੱਲਰਹੇੜੀ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਗੰਨਾ ਮਿੱਲ ਵੱਲ ਕਰੀਬ 14 ਕਰੋੜ ਰੁਪਏ ਪਿਛਲੇ ਬਕਾਇਆ ਖੜ੍ਹੇ ਹਨ ਅਤੇ ਹੁਣ ਮਿੱਲ ਬੰਦ ਕਰ ਦੇਣ ਦੇ ਐਲਾਨ ਮਗਰੋਂ ਬਾਂਡ ਕੀਤਾ ਗੰਨਾ ਹੋਰ ਮਿੱਲ ਵਿੱਚ ਲੈ ਕੇ ਜਾਣ ਦੇ ਭਰੋਸੇ ਦੇ ਬਾਵਜੂਦ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਬੀਕੇਯੂ ਏਕਤਾ ਆਜ਼ਾਦ ਦੇ ਜਸਵਿੰਦਰ ਸਿੰਘ ਸੋਮਾ ਅਤੇ ਬੀਕੇਯੂ ਡਕੌਂਦਾ ਬੁਰਜਗਿੱਲ ਦੇ ਨਾਜ਼ਮ ਸਿੰਘ ਹੁਰਾਂ ਨੇ ਗੰਨਾ ਕਾਸ਼ਤਕਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਗੰਨਾ ਮਿੱਲ ਨੂੰ ਚਾਲੂ ਰੱਖਣ ਦੀ ਮੰਗ ਉਠਾਈ। ਕਿਸਾਨਾਂ ਨੇ ਜਦੋਂ ਹਾਈਵੇਅ ਤੋਂ ਉੱਠ ਕੇ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਅੱਗੇ ਗੰਨਾ ਫੂਕਣ ਦੀ ਤਿਆਰੀ ਕੀਤੀ ਤਾਂ ਮੌਕੇ ’ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਰਾ ਮਾਮਲਾ ਡੀਸੀ ਦੇ ਧਿਆਨ ਵਿੱਚ ਲਿਆਂਦਾ। ਇਸ ਮਗਰੋਂ ਐੱਸਡੀਐਮ ਅਮਿਤ ਗੁਪਤਾ, ਐੱਸਪੀ ਸੰਗਰੂਰ ਯੋਗੇਸ਼ ਸ਼ਰਮਾ, ਡੀਐੱਸਪੀ ਧੂਰੀ ਤਲਵਿੰਦਰ ਸਿੰਘ ’ਤੇ ਅਧਾਰਤ ਕਮੇਟੀ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਡੀਸੀ ਵੱਲੋਂ ਕੇਨ ਕਮਿਸ਼ਨਰ ਚੰਡੀਗੜ੍ਹ ਨਾਲ 21 ਦਸੰਬਰ ਨੂੰ ਸੰਗਰੂਰ ਵਿੱਚ ਮੀਟਿੰਗ ਕਰਵਾਏ ਜਾਣ ਦਾ ਲਿਖਤੀ ਪੱਤਰ ਦਿੱਤਾ ਗਿਆ ਜਦੋਂਕਿ ਗੰਨਾ ਮਿੱਲ ਮੈਨੇਜਮੈਂਟ ਵੱਲੋਂ ਬਕਾਇਆ ਰਾਸ਼ੀ ਦੀ ਅਦਾਇਗੀ 30 ਜਨਵਰੀ ਤੱਕ ਕਰਨ ਦੀ ਲਿਖਤੀ ਸਹਿਮਤੀ ਹੋਈ। ਇਸ ਮਗਰੋਂ ਕਿਸਾਨਾਂ ਨੇ ਸੰਘਰਸ਼ ਮੁਲਤਵੀ ਕਰ ਦਿੱਤਾ। ਐੱਸਡੀਐੱਮ ਅਮਿਤ ਗੁਪਤਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 21 ਦਸੰਬਰ ਨੂੰ ਸੰਗਰੂਰ ਵਿੱਚ ਕੇਨ ਕਮਿਸ਼ਨਰ ਆ ਕੇ ਕਿਸਾਨਾਂ ਨਾਲ ਮੀਟਿੰਗ ਕਰਨਗੇ। ਇਸ ਦੌਰਾਨ ਕਿਸਾਨਾਂ ਦੇ ਮਸਲੇ ਦਾ ਹੱਲ ਹੋਣ ਦੀ ਸੰਭਾਵਨਾ ਹੈ।

Scroll to Top