AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਝੋਨੇ ’ਤੇ ਐੱਮਐੱਸਪੀ ਖ਼ਤਮ ਕਰਨ ਦੀ ਮੰਗ ’ਤੇ ਸੁਖਬੀਰ ਨੇ ‘ਆਪ’ ਨੂੰ ਘੇਰਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਆਪ’ ਸਰਕਾਰ ਦੀ ਤੁਲਨਾ ਭਿਆਨਕ ਬਿਮਾਰੀ ਨਾਲ ਕਰਦਿਆਂ ਚੋਣਾਂ ਵਾਲੇ ਰਾਜਾਂ ਦੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਉਹ ਇਸ ਤੋਂ ਬਚ ਕੇ ਰਹਿਣ। ਉਨ੍ਹਾਂ ਕਿਹਾ, ‘‘ਭਗਵੰਤ ਮਾਨ ਨੇ ਆਪਣੀ ਸਾਰੀ ਤਾਕਤ ਅਤੇ ਪੰਜਾਬ ਦੇ ਖ਼ਜ਼ਾਨੇ ਨੂੰ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੀ ਸੇਵਾ ਵਿੱਚ ਲਾ ਦਿੱਤਾ ਹੈ। ਸੁਪਰੀਮ ਕੋਰਟ ਵਿੱਚ ਝੋਨੇ ’ਤੇ ਐੱਮਐੱਸਪੀ ਖਤਮ ਕਰਨ ਦੀ ਮੰਗ ਕਰ ਕੇ ਪੰਜਾਬ ਦੇ ਕਿਸਾਨਾਂ ਲਈ ਬਰਬਾਦੀ ਦਾ ਰਾਹ ਚੁਣਿਆ ਹੈ। ਪਹਿਲਾਂ ਉਹ ਸੁਪਰੀਮ ਕੋਰਟ ’ਚ ਐੱਸਵਾਈਐੱਲ ਦੇ ਨਿਰਮਾਣ ਲਈ ਤਿਆਰ ਹੋਣ ਦੀ ਗੱਲ ਵੀ ਆਖ ਚੁੱਕੇ ਹਨ। ਹਰਿਆਣਾ ਦੇ ਬਰਾਬਰ ਵੱਖਰੀ ਵਿਧਾਨ ਸਭਾ ਦੀ ਮੰਗ ਕਰ ਕੇ ਵੀ ਮੁੱਖ ਮੰਤਰੀ ਨੇ ਚੰਡੀਗੜ੍ਹ ’ਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕੀਤਾ ਹੈ।’’ ਉਹ ਅੱਜ ਇੱਥੇ ਸਾਬਕਾ ਮੰਤਰੀ ਸੁਰਜੀਤ ਰੱਖੜਾ, ਐੱਨਆਰਆਈ ਦਰਸ਼ਨ ਧਾਲੀਵਾਲ ਤੇ ਚਰਨਜੀਤ ਰੱਖੜਾ ਦੇ ਪਤਿਾ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੇ ਸ਼ਰਧਾਂਜਲੀ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ‘ਆਪ’ ਨੂੰ ਗੈਰ-ਤਜਰਬੇਕਾਰ ਸਰਕਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਅਣਜਾਣਪੁਣੇ ਦਾ ਨੁਕਸਾਨ ਪੰਜਾਬ ਵਾਸੀਆਂ ਨੂੰ ਕਈ ਸਾਲਾਂ ਤੱਕ ਭੁਗਤਣਾ ਪਵੇਗਾ। ਉਨ੍ਹਾਂ ਕਈ ਹੋਰ ਪੱਖਾਂ ਦੇ ਹਵਾਲੇ ਨਾਲ ਵੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ’ਤੇ ਤਿੱਖੇ ਨਿਸ਼ਾਨੇ ਸੇਧੇ। ਇਸ ਤੋਂ ਪਹਿਲਾਂ ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਤਿੰਨਾਂ ਰੱਖੜਾ ਭਰਾਵਾਂ ਦੀ ਸ਼ਲਾਘਾ ਕੀਤੀ।

Scroll to Top