AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਟਕਸਾਲੀਆਂ ਤੇ ਦਲ-ਬਦਲੂਆਂ ਵਿਚਾਲੇ ਖਿੱਚੋਤਾਣ

ਭਾਰਤੀ ਜਨਤਾ ਪਾਰਟੀ ਦੇ ਸੂਬਾਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਪਾਰਟੀ ਵਿਚਲੇ ਟਕਸਾਲੀਆਂ ਅਤੇ ਅਕਾਲੀ ਦਲ ਜਾਂ ਕਾਂਗਰਸ ਛੱਡ ਕੇ ਭਾਜਪਾ ’ਚ ਆਏ ਆਗੂਆਂ ਦਰਮਿਆਨ ਖਿੱਚੋਤਾਣ ਜਾਰੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਅਗਸਤ ਮਹੀਨੇ ਦੇ ਆਰੰਭ ’ਚ ਹੀ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੂਪਾਣੀ ਨਾਲ ਸਲਾਹ ਤੋਂ ਬਾਅਦ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਲਈ ਭਾਜਪਾ ਆਗੂਆਂ ਦੇ ਨਾਂ ਸੁਝਾਏ ਸਨ। ਸੂਬਾ ਪ੍ਰਧਾਨ ਅਤੇ ਸੂਬਾ ਇੰਚਾਰਜ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਨਿਯੁਕਤੀਆਂ ਜਲਦੀ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ ਪਰ ਹਾਲ ਦੀ ਘੜੀ ਬੇਯਕੀਨੀ ਬਣੀ ਹੋਈ ਹੈ। ਪਾਰਟੀ ਆਗੂਆਂ ਦਾ ਦੱਸਣਾ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਹੋਰਨਾਂ ਆਗੂਆਂ ਵੱਲੋਂ ਟਕਸਾਲੀਆਂ ਤੇ ਦਲ ਬਦਲੂਆਂ ਦਰਮਿਆਨ ਸੰਤੁਲਨ ਬਣਾਏ ਜਾਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪਾਰਟੀ ਅੰਦਰ ਚੱਲ ਰਹੀ ਠੰਢੀ ਜੰਗ ਸ਼ਾਂਤ ਕੀਤੀ ਜਾ ਸਕੇ। ਭਗਵਾਂ ਪਾਰਟੀ ਦੇ ਆਗੂਆਂ ਦਾ ਮੰਨਣਾ ਹੈ ਕਿ ਪਾਰਟੀ ਅੰਦਰਲਾ ਟਕਸਾਲੀ ਧੜਾ ਇਸ ਸਮੇਂ ਨਾਰਾਜ਼ ਚੱਲ ਰਿਹਾ ਹੈ। ਭਾਜਪਾ ਦੀਆਂ ਸਿਆਸੀ ਗਤੀਵਿਧੀਆਂ ਇਸ ਵੇਲੇ ਠੰਢੀਆਂ ਪਈਆਂ ਹੋਈਆਂ ਹਨ। ਇੱਕ ਸੀਨੀਅਰ ਆਗੂ ਨੇ ਕਿਹਾ ਕਿ ਸੰਸਦੀ ਚੋਣਾਂ ਸਿਰ ’ਤੇ ਹੋਣ ਕਾਰਨ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਸਮੇਂ ਸਥਿਤੀ ਇਹ ਬਣ ਗਈ ਹੈ ਕਿ ਪੁਰਾਣੇ ਅਹੁਦੇਦਾਰਾਂ ਨੇ ਇੱਕ ਤਰ੍ਹਾਂ ਨਾਲ ਸਿਆਸੀ ਗਤੀਵਿਧੀਆਂ ਛੱਡ ਦਿੱਤੀਆਂ ਹਨ ਤੇ ਨਵਿਆਂ ਦੀ ਹਾਲ ਦੀ ਘੜੀ ਨਿਯੁਕਤੀ ਨਹੀਂ ਹੋਈ। ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਛੱਡਣ ਵਾਲੇ ਆਗੂਆਂ ਵੱਲੋਂ ਅਹੁਦੇਦਾਰਾਂ ਦੀ ਨਿਯੁਕਤੀ ਵਿੱਚ ਪ੍ਰਭਾਵਸ਼ਾਲੀ ਸਥਾਨ ’ਤੇ ਹੱਥ ਧਰਿਆ ਜਾ ਰਿਹਾ ਹੈ ਜਦਕਿ ਆਰਐੱਸਐੱਸ ਅਤੇ ਟਕਸਾਲੀਆਂ ਭਾਜਪਾਈਆਂ ਵੱਲੋਂ ਅੰਦਰਖਾਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾਈ ਜਥੇਬੰਦਕ ਢਾਂਚੇ ’ਚ ਦਲ ਬਦਲੂਆਂ (ਸਾਬਕਾ ਕਾਂਗਰਸੀ ਤੇ ਅਕਾਲੀ) ਨੂੰ ਥਾਂ ਤਾਂ ਦਿੱਤੀ ਗਈ ਸੀ ਪਰ ਉਸ ਸਮੇਂ ਅਕਾਲੀ ਤੇ ਕਾਂਗਰਸੀ ਪਿਛੋਕੜ ਵਾਲਿਆਂ ਦੀ ਪਾਰਟੀ ਦਫ਼ਤਰ ਅਤੇ ਮੀਟਿੰਗਾਂ ਵਿੱਚ ਕੋਈ ਸੱਦ-ਪੁੱਛ ਨਹੀਂ ਸੀ। ਕਾਂਗਰਸ ਪਿਛੋਕੜ ਵਾਲੇ ਸੁਨੀਲ ਜਾਖੜ ਦੇ ਭਾਜਪਾ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਨਵੇਂ ਭਾਜਪਾਈਆਂ ਦੀ ਪਾਰਟੀ ਅੰਦਰ ਵੁੱਕਤ ਵਧਣ ਲੱਗੀ ਸੀ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਸ੍ਰੀ ਜਾਖੜ ਵੱਲੋਂ ਸੰਸਦੀ ਚੋਣਾਂ ਤੱਕ ਪਾਰਟੀ ਦਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਮਜ਼ਬੂਤ ਕਰਨ ਲਈ ਹਾਈ ਕਮਾਨ ਤੋਂ ਵੱਖ-ਵੱਖ ਵਿੰਗਾਂ ਤੇ ਖਾਸ ਕਰ ਯੂਥ ਵਿੰਗ, ਅਨੁਸੂਚਿਤ ਜਾਤੀ ਵਿੰਗ, ਮਹਿਲਾ ਵਿੰਗ ਆਦਿ ਦੇ ਨਵੇਂ ਪ੍ਰਧਾਨ ਨਿਯੁਕਤ ਕਰਨ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਸੰਸਦੀ ਚੋਣਾਂ ਵਿੱਚ ਮਹਿਜ਼ 6 ਕੁ ਮਹੀਨਿਆਂ ਦਾ ਸਮਾਂ ਬਾਕੀ ਹੈ ਤੇ ਸ੍ਰੀ ਜਾਖੜ ਲਈ ਚੁਣੌਤੀਆਂ ਵਧੇਰੇ ਹਨ।

Leave a Comment

Your email address will not be published. Required fields are marked *

Scroll to Top