AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਠੇਕਾ ਆਧਾਰਿਤ ਮੁਲਾਜ਼ਮਾਂ ਵੱਲੋਂ ਲਾਡੋਵਾਲ ਟੌਲ ਪਲਾਜ਼ਾ ਜਾਮ

ਸਰਕਾਰੀ ਵਿਭਾਗਾਂ ਦੇ ਆਊਟਸੋਰਸਡ-ਐਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੇ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਹਾਈਵੇਅ ਜਾਮ ਕਰ ਕੇ ਪੰਜਾਬ ਸਰਕਾਰ ਵਿਰੁੱਧ ਰੋਹ ਭਰਪੂਰ ਧਰਨਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਲਾਡੋਵਾਲ ਟੌਲ ਪਲਾਜ਼ਾ ’ਤੇ ਵੀ ਆਵਾਜਾਈ ਠੱਪ ਕਰ ਦਿੱਤੀ। ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ ਕਟਾਰੀਆ, ਜਸਵੀਰ ਸਿੰਘ ਜੱਸੀ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਸਿਮਰਨਜੀਤ ਸਿੰਘ ਨੀਲੋਂ ਤੇ ਜਸਪ੍ਰੀਤ ਸਿੰਘ ਗਗਨ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ, ਪਾਵਰਕੌਮ ਅਤੇ ਟ੍ਰਾਂਸਕੋ ਸਮੇਤ ਸਰਕਾਰੀ ਥਰਮਲ ਪਲਾਟਾਂ ਤੇ ਹਾਈਡਲ ਪ੍ਰਾਜੈਕਟਾਂ, ਵੇਰਕਾ ਮਿਲਕ ਤੇ ਕੈਟਲ ਫੀਡ ਪਲਾਟਾਂ, ਵਾਟਰ ਸਪਲਾਈ ਤੇ ਸੀਵਰੇਜ ਬੋਰਡ, ਲੋਕ ਨਿਰਮਾਣ ਵਿਭਾਗ (ਬਿਜਲੀ ਵਿੰਗ) ਤੇ ਸਿਹਤ ਵਿਭਾਗ ਵਿੱਚ ਆਊਟਸੋਰਸਡ ਅਤੇ ਐਨਲਿਸਟਮੈਂਟ ਆਦਿ ਕੈਟਾਗਿਰੀਆਂ ਰਾਹੀਂ 15-20 ਸਾਲਾਂ ਦੇ ਲੰਬੇ ਅਰਸੇ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਲਈ ਕੋਈ ਸਥਾਈ ਹੱਲ ਨਹੀਂ ਕੱਢਿਆ ਗਿਆ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਸਬੰਧਤ ਵਿਭਾਗਾਂ ਵਿੱਚ ਮਿਲਾ ਕੇ ਪੱਕਾ ਕੀਤਾ ਜਾਵੇ। ਟੌਲ ਪਲਾਜ਼ਾ ਮੁਕੰਮਲ ਬੰਦ ਹੋਣ ਕਾਰਨ ਕਈ ਰਾਹਗੀਰਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਰੁੜਕਾ ਕਲਾਂ ਦੀ ਇੱਕ ਲੜਕੀ ਨੇ ਐਮਬੀਏ ਦਾ ਪੇਪਰ ਦੇਣ ਲਈ ਲੁਧਿਆਣਾ ਜਾਣਾ ਸੀ ਪਰ ਉਸ ਵੱਲੋਂ ਕਾਗਜ਼ ਦਿਖਾਏ ਜਾਣ ਦੇ ਬਾਵਜੂਦ ਉਸ ਨੂੰ ਲੰਘਣ ਨਹੀਂ ਦਿੱਤਾ ਗਿਆ, ਜਿਸ ਮਗਰੋਂ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਵਾ ਕੇ ਸੜਕ ਦਾ ਇੱਕ ਪਾਸਾ ਖੁੱਲ੍ਹਵਾਇਆ ਗਿਆ। ਇਸ ਮਗਰੋਂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੁੱਖ ਮੰਤਰੀ ਨਾਲ ਮੋਰਚੇ ਦੇ ਆਗੂਆਂ ਦੀ 20 ਦਸੰਬਰ ਨੂੰ ਮੀਟਿੰਗ ਤੈਅ ਕਰਵਾਈ ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਆਗੂਆਂ ਨੇ ਕਿਹਾ ਕਿ 18ਵੀਂ ਵਾਰ ਸਰਕਾਰ ਨਾਲ ਮੀਟਿੰਗ ਦਾ ਸਮਾਂ ਤੈਅ ਹੋਇਆ ਹੈ ਜਦਕਿ ਹੁਣ ਤੱਕ ਹਰ ਵਾਰ ਮੀਟਿੰਗ ਰੱਦ ਕਰ ਦਿੱਤੀ ਜਾਂਦੀ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਵਾਰ ਮੀਟਿੰਗ ਸਿਰੇ ਨਹੀਂ ਚੜ੍ਹਦੀ ਤਾਂ ਮੋਰਚੇ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਵੱਖ-ਵੱਖ ਭਰਾਰਤੀ ਜਥੇਬੰਦੀਆਂ ਬੀਕੇਯੂ ਏਕਤਾ (ਉਗਰਾਹਾਂ) ਤੋਂ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਟੀਐੱਸਯੂ ਪੰਜਾਬ (ਭੰਗਲ) ਦੇ ਆਗੂ ਜਸਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

Scroll to Top