AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਡਬਲ ਸ਼ਿਫਟ ਸਕੂਲਾਂ ਦੇ ਪ੍ਰਿੰਸੀਪਲ ਤੇ ਨਾਨ-ਟੀਚਿੰਗ ਸਟਾਫ ਦੂਹਰੇ ਮਾਪਦੰਡਾਂ ਦਾ ਸ਼ਿਕਾਰ

ਡੈਮੋਕਰੈਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਨੇ ਸਿੱਖਿਆ ਵਿਭਾਗ ਵੱਲੋਂ ‘ਡਬਲ ਸ਼ਿਫਟ ਸਕੂਲਾਂ’ ’ਚ ਪ੍ਰਿੰਸੀਪਲਾਂ ਤੇ ਨਾਨ-ਟੀਚਿੰਗ ਸਟਾਫ ਦੀ ਡਿਊਟੀ ਦਾ ਸਮਾਂ ਵਧਾਉਣ ਦੇ ਫ਼ੈਸਲੇ ਨੂੰ ਗੈਰ-ਵਾਜਿਬ ਕਰਾਰ ਦਿੰਦਿਆਂ ਵਾਪਸ ਲੈਣ ਦੀ ਮੰਗ ਕੀਤੀ ਹੈ। ਪੰਜਾਬ ਵਿੱਚ 80 ਤੋਂ ਵਧੇਰੇ ਸਰਕਾਰੀ ਸਕੂਲਾਂ ਨੂੰ ਵਿਦਿਆਰਥੀਆਂ ਦੀ ਵਧੀ ਗਿਣਤੀ ਅਨੁਸਾਰ ਡਬਲ ਸ਼ਿਫਟ ਦੇ ਆਧਾਰ ’ਤੇ ਚਲਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਸਕੂਲ ਸਿੱਖਿਆ ਸਕੱਤਰ ਵੱਲੋਂ ਜਾਰੀ ਪੱਤਰ ਅਨੁਸਾਰ ਸਟਾਫ਼ ਦੀ ਅੰਦਰੂਨੀ ਵੰਡ ਤਹਿਤ ਪੰਜ ਤੋਂ ਛੇ ਘੰਟੇ ਦੀ ਇੱਕ ਸ਼ਿਫਟ ਵਿੱਚ ਹਾਜ਼ਰ ਹੁੰਦੇ ਪ੍ਰਿੰਸੀਪਲਾਂ ਤੇ ਨਾਨ-ਟੀਚਿੰਗ ਮੁਲਾਜ਼ਮਾਂ (ਕਲੈਰੀਕਲ, ਐੱਸਐੱਲਏ, ਲਾਇਬ੍ਰੇਰੀਅਨ ਆਦਿ) ਦਾ ਸਮਾਂ ਪੂਰੇ ਵਿੱਦਿਅਕ ਸੈਸ਼ਨ ਲਈ ਸਵੇਰ 9 ਤੋਂ ਸ਼ਾਮ 5 ਵਜੇ ਭਾਵ ਅੱਠ ਘੰਟੇ ਕੀਤਾ ਗਿਆ ਹੈ ਜਦਕਿ ਸੂਬੇ ਦੇ ਬਾਕੀ ਸਕੂਲ ਮੁਖੀ ਅਤੇ ਕਰਮਚਾਰੀ ਦਿਨ ਵਿੱਚ ਛੇ ਘੰਟੇ ਡਿਊਟੀ ਕਰ ਰਹੇ ਹਨ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਸ (ਡਬਲ ਸ਼ਿਫਟ) ਪ੍ਰਬੰਧ ਤਹਿਤ ਪਹਿਲਾਂ ਤੋਂ ਹੀ ਵਿੱਦਿਅਕ ਅਤੇ ਗ਼ੈਰ-ਵਿੱਦਿਅਕ ਕੰਮਾਂ ਦਾ ਦਬਾਅ ਝੱਲ ਰਹੇ ਕਰਮਚਾਰੀਆਂ ਦੇ ਕੰਮ ਦੇ ਘੰਟੇ ਵਧਾ ਕੇ ਉਨ੍ਹਾਂ ’ਤੇ ਨਵਾਂ ਬੋਝ ਪਾ ਦਿੱਤਾ ਗਿਆ ਹੈ। ਆਗੂਆਂ ਮੁਤਾਬਕ ਇਸ ਕਾਰਨ ਇਸ ਸਟਾਫ ਵੱਲੋਂ ਬਦਲੀ ਕਰਵਾਉਣ ਦਾ ਰੁਝਾਨ ਵਧਣ ਦੇ ਆਸਾਰ ਬਣਨ ਕਾਰਨ ਇਨ੍ਹਾਂ ਸਕੂਲਾਂ ਦਾ ਭਵਿੱਖ ਧੁੰਦਲਾ ਹੋਣ ਦੀ ਸੰਭਾਵਨਾ ਵਧ ਗਈ ਹੈ। ਡੀਟੀਐੱਫ ਨੇ ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਤੋਂ ਇਸ ਮਾਮਲੇ ਨੂੰ ਮੁੜ ਵਿਚਾਰਦਿਆਂ ਹੁਕਮ ਵਾਪਸ ਲੈਣ, ਨਵੇਂ ਸਕੂਲ ਖੋਲ੍ਹਣ ਅਤੇ ਨਵੀਆਂ ਭਰਤੀਆਂ ਕਰਨ ਦੀ ਮੰਗ ਕੀਤੀ ਹੈ।

Scroll to Top