AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਡਰੱਗ ਮਾਮਲਾ: ਮਜੀਠੀਆ ਕੋਲੋਂ ਪੜਤਾਲ ਕਰਨ ਵਾਲੀ ‘ਸਿਟ’ ਵਿੱਚ ਤਿੰਨ ਹੋਰ ਮੈਂਬਰ ਸ਼ਾਮਲ

ਨਸ਼ਾ ਤਸਕਰੀ ਮਾਮਲੇ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਪੁੱਛ-ਪੜਤਾਲ ਕਰਨ ਲਈ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਬਣਾਈ ਗਈ ਤਿੰਨ ਮੈਂਬਰੀ ‘ਸਿਟ’ ’ਚ ਤਿੰਨ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਟੀਮ ਵਿਚ ਰਾਸ਼ਟਰਪਤੀ ਪੁਲੀਸ ਮੈਡਲ ਪ੍ਰਾਪਤ ਪਟਿਆਲਾ ਦੇ ਡੀਐੱਸਪੀ ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਸਮੇਤ ਸਟੇਟ ਕਰਾਈਮ ਵਿੰਗ ਮੁਹਾਲ਼ੀ ਦੇ ਡੀਐਸਪੀ ਨਰਿੰਦਰ ਸਿੰਘ ਅਤੇ ਇਸੇ ਵਿੰਗ ਦੇ ਇੰਸਪੈਕਟਰ ਦਰਬਾਰਾ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਂਜ ਇਹ ਤਿੰਨੋਂ ਅਧਿਕਾਰੀ ਏਡੀਜੀਪੀ ਮੁਖਵਿੰਦਰ ਛੀਨਾ ਦੀ ਅਗਵਾਈ ਹੇਠਲੀ ਟੀਮ ’ਚ ਵੀ ਸ਼ਾਮਲ ਰਹੇ ਹਨ ਪਰ ਇਨ੍ਹਾਂ ਨੂੰ ਇਸ ਕੇਸ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੋਣ ਕਾਰਨ ਨਵੀਂ ‘ਸਿਟ’ ’ਚ ਸ਼ਾਮਲ ਕੀਤਾ ਗਿਆ ਹੈ। ਯਾਦ ਰਹੇ ਕਿ ਮੁਖਵਿੰਦਰ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਚੁੱਕੇ ਹਨ। ਉਹ ਇਸ ‘ਸਿਟ’ ਦੇ ਤਕਰੀਬਨ ਨੌਂ ਮਹੀਨੇ ਮੁਖੀ ਰਹੇ ਪਰ ਉਨ੍ਹਾਂ ਨੇ ਸਰਗਰਮੀ ਅੰਤਲੇ ਦਿਨਾਂ ’ਚ ਹੀ ਵਿਖਾਈ। ਇਸ ਦੌਰਾਨ 11 ਦਸੰਬਰ ਨੂੰ ਪਹਿਲੀ ਵਾਰ ਮਜੀਠੀਆ ਨੂੂੰ ਸੰਮਨ ਜਾਰੀ ਕਰਕੇ 18 ਦਸੰਬਰ ਨੂੰ ਪਟਿਆਲਾ ’ਚ ਸੱਤ ਘੰਟੇ ਪੁੱਛ-ਪੜਤਾਲ ਕੀਤੀ ਤੇ ਉਸੇ ਹੀ ਦਿਨ 27 ਦਸੰਬਰ ਲਈ ਮੁੜ ਸੰਮਨ ਜਾਰੀ ਕਰ ਦਿੱਤੇ ਪਰ ਮਜੀਠੀਆ ਹਾਜ਼ਰ ਨਾ ਹੋਏ ਜਿਸ ਤਹਿਤ 27 ਦਸੰਬਰ ਨੂੰ ਹੀ ਮੁੜ ਜਾਰੀ ਕੀਤੇ ਗਏ ਸੰਮਨਾਂ ਤਹਿਤ ਜਦੋਂ ਮਜੀਠੀਆ 30 ਦਸੰਬਰ ਨੂੰ ਪੇਸ਼ ਹੋਏ ਤਾਂ ਛੀਨਾ ਦੀ ਅਗਵਾਈ ਹੇਠਲੀ ਟੀਮ ਨੇ ਚਾਰ ਘੰਟੇ ਪੁੱਛਗਿੱਛ ਕੀਤੀ। ਦੱਸਣਯੋਗ ਹੈ ਕਿ ਛੀਨਾ ਦੀ ਅਗਵਾਈ ਹੇਠਲੀ ਸਿਟ ਵੱਲੋਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੂੰ ਵੀ ਸੰਮਨ ਭੇਜ ਕੇ ਗਵਾਹ ਵਜੋਂ ਸੱਦਿਆ ਗਿਆ ਸੀ।

Scroll to Top