AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਤਾਬਿਆ ’ਤੇ ਬੈਠੇ ਗ੍ਰੰਥੀ ਦੀ ਨੌਜਵਾਨ ਵੱਲੋਂ ਕੁੱਟਮਾਰ

ਇੱਥੇ ਮੋਰਿੰਡਾ-ਚੁੰਨੀ ਰੋਡ ’ਤੇ ਪੈਂਦੇ ਪਿੰਡ ਸਿੱਲ ਵਿੱਚ ਨੌਜਵਾਨ ਵੱਲੋਂ ਪਾਠ ਕਰ ਰਹੇ ਗ੍ਰੰਥੀ ਨਾਲ ਕੁੱਟਮਾਰ ਕਰਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਪਿੰਡ ਵਾਸੀਆਂ ਨੇ ਫੜ ਕੇ ਘੜੂੰਆਂ ਪੁਲੀਸ ਹਵਾਲੇ ਕਰ ਦਿੱਤਾ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਪਾਠੀ ਸਿੰਘ ਗੁਰਦੁਆਰੇ ਵਿੱਚ ਪਾਠ ਕਰ ਰਿਹਾ ਸੀ। ਪਿੰਡ ਵਾਸੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਉਰਫ ਲਾਡੀ ਜਿਹੜਾ ਕਿ ਪਿੰਡ ਭਟੇੜੀ ਦੇ ਪੈਟਰੋਲ ਪੰਪ ’ਤੇ ਕੰਮ ਕਰਦਾ ਸੀ, ਵੱਲੋਂ ਪਿੰਡ ਵਿੱਚ ਸਥਿਤ ਗੁਰਦੁਆਰੇ ਵਿੱਚ ਜਾ ਕੇ ਪਹਿਲਾਂ ਅਰਦਾਸ ਕੀਤੀ ਗਈ ਤੇ ਇਸ ਮਗਰੋਂ ਉਹ ਪਰਿਕਰਮਾ ਕਰਨ ਲੱਗ ਪਿਆ। ਇਸ ਦੌਰਾਨ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਤੇ ਬੈਠੇ ਗ੍ਰੰਥੀ ਲਖਬੀਰ ਸਿੰਘ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਦਾ ਗ੍ਰੰਥੀ ਵੱਲੋਂ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਸ਼ਾਂਤ ਰਹਿੰਦਿਆਂ ਵਿਰੋਧ ਕੀਤਾ ਗਿਆ ਪਰ ਨੌਜਵਾਨ ਗ੍ਰੰਥੀ ਨੂੰ ਖਿੱਚ ਕੇ ਗੋਲਕ ਕੋਲ ਲੈ ਗਿਆ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ’ਤੇ ਗ੍ਰੰਥੀ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਇਸ ਕਾਰਨ ਜਪੁਜੀ ਸਾਹਿਬ ਦਾ ਪਾਠ ਖੰਡਿਤ ਹੋ ਗਿਆ। ਇਹ ਸਾਰੀ ਵਾਰਦਾਤ ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਇਸੇ ਦੌਰਾਨ ਨੌਜਵਾਨ ਰਵਿੰਦਰ ਸਿੰਘ ਨੇ ਕੱਪੜੇ ਉਤਾਰ ਦਿੱਤੇ। ਰੌਲਾ ਪੈਣ ਉਪਰੰਤ ਉਹ ਨਗਨ ਹਾਲਤ ਵਿੱਚ ਹੀ ਪਿੰਡ ਭਟੇੜੀ ਦੇ ਪੈਟਰੋਲ ਪੰਪ ’ਤੇ ਪਹੁੰਚ ਗਿਆ। ਮਗਰੋਂ ਪਿੰਡ ਵਾਸੀਆਂ ਨੇ ਉਸ ਨੂੰ ਕਾਬੂ ਕਰਕੇ ਪਿੰਡ ਲਿਆਉਣ ਉਪਰੰਤ ਪੁਲੀਸ ਹਵਾਲੇ ਕਰ ਦਿੱਤਾ। ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਤੋਖਗੜ੍ਹ ਨੇ ਮੁਲਜ਼ਮ ਦਾ ਤੁਰੰਤ ਮੈਡੀਕਲ ਕਰਵਾਉਣ ਦੀ ਮੰਗ ਕੀਤੀ। ਐੱਸਐੱਚਓ ਘੜੂੰਆਂ ਭਗਤਬੀਰ ਸਿੰਘ ਨੇ ਦੱਸਿਆ ਕਿ ਗ੍ਰੰਥੀ ਲਖਬੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਰਵਿੰਦਰ ਸਿੰਘ ਉਰਫ ਲਾਡੀ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਖਰੜ ਦੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਵਿਅਕਤੀ ਨੇ ਅਜਿਹਾ ਕਿਉਂ ਕੀਤਾ।

Scroll to Top