
ਦਲ ਖ਼ਾਲਸਾ ਦੇ ਯੂਥ ਵਿੰਗ ਸਿੱਖ ਯੂਥ ਆਫ ਪੰਜਾਬ ਦੇ ਕਾਰਕੁਨਾਂ ਨੇ ਬੰਦੀ ਛੋੜ ਦਿਵਸ ਦੇ ਸਬੰਧ ’ਚ ਦਰਬਾਰ ਸਾਹਿਬ ਵਿੱਚ ਬੰਦੀ ਸਿੰਘਾਂ ਦੀ ਤੰਦਰੁਸਤੀ ਤੇ ਰਿਹਾਈ ਲਈ ਅਰਦਾਸ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਰਿਹਾਈ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਕਾਰਕੁਨਾਂ ਨੇ ਦਰਬਾਰ ਸਾਹਿਬ ਦੇ ਮੁੱਖ ਦੁਆਰ ਘੰਟਾਘਰ ਪਲਾਜ਼ਾ ਨੇੜੇ ਬੰਦੀ ਸਿੰਘਾਂ ਨਾਲ ਸਬੰਧਤ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਦੌਰਾਨ ਨੌਜਵਾਨਾਂ ਨੇ ਇਨ੍ਹਾਂ ਨਜ਼ਰਬੰਦੀਆਂ ਖ਼ਿਲਾਫ਼ ਕਾਨੂੰਨੀ ਅਤੇ ਰਾਜਨੀਤਕ ਤਰੀਕਿਆਂ ਨਾਲ ਕੌਮੀ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਈ ਹਰ ਕੈਦੀ ਦਾ ਮੌਲਿਕ ਤੇ ਮਨੁੱਖੀ ਅਧਿਕਾਰ ਹੈ। ਭਾਰਤ ਸਰਕਾਰ ਇਨ੍ਹਾਂ ਨੂੰ ਰਿਹਾਅ ਨਾ ਕਰ ਕੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਜਥੇਬੰਦੀ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ, ਦਲ ਖ਼ਾਲਸਾ, ਮਾਨ ਦਲ ਸਣੇ ਪੰਥਕ ਜਥੇਬੰਦੀਆਂ ਇਨ੍ਹਾਂ ਕੈਦੀਆਂ ਦੀ ਰਿਹਾਈ ਲਈ ਯਤਨਸ਼ੀਲ ਹਨ ਪਰ ਕੇਂਦਰ ਸਰਕਾਰ ਵਾਅਦੇ ਕਰ ਕੇ ਮੁੱਕਰ ਗਈ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਵਿਚ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਲਟੀਮੇਟਮ ਦੇਣ ਅਤੇ ਸੰਘਰਸ਼ ਦਾ ਵਿੱਢਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਬਿਨਾਂ ਲੜਿਆਂ ਇਨ੍ਹਾਂ ਕੈਦੀਆਂ ਨੂੰ ਇਨਸਾਫ਼ ਨਹੀਂ ਦੇਣਗੀਆਂ। ਜਥੇਬੰਦੀ ਦੇ ਮੀਤ ਪ੍ਰਧਾਨ ਮਾਨ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਸਾਰੇ ਨਿਯਮ ਅਤੇ ਅਸੂਲ ਨੂੰ ਛਿੱਕੇ ਟੰਗ ਕੇ ਇਨ੍ਹਾਂ ਨਜ਼ਰਬੰਦਾਂ ਦੀ ਰਿਹਾਈ ਨੂੰ ਰੋਕਿਆ ਹੋਇਆ ਹੈ।