
ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਵਲੋਂ 20 ਸਤੰਬਰ ਤੋਂ ਧੂਰੀ ਸਥਿਤ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਮੋਰਚਾ ਸ਼ੁਰੂ ਕੀਤਾ ਜਾਵੇਗਾ ਜਿਸ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਕਰੀਬ 100 ਪਿੰਡਾਂ ਵਿਚ ਮੀਟਿੰਗਾਂ ਤੇ ਰੈਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਧੂਰੀ, ਮਾਲੇਰਕੋਟਲਾ, ਅਮਰਗੜ੍ਹ ਅਤੇ ਮਹਿਲ ਕਲਾਂ ਦੇ ਨਹਿਰੀ ਪਾਣੀ ਤੋਂ ਵਿਹੂਣੇ 70 ਪਿੰਡਾਂ ਦੇ ਲੋਕ ਪਿਛਲੇ ਕਰੀਬ ਇੱਕ ਸਾਲ ਤੋਂ ਨਹਿਰੀ ਪਾਣੀ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਮੰਗ ਨੂੰ ਬੂਰ ਨਾ ਪੈਣ ’ਤੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਦੇ ਬੈਨਰ ਹੇਠ ਇਲਾਕੇ ਦੇ ਲੋਕਾਂ ਵੱਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਗਿਆ ਹੈ।