AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਨਵਜੋਤ ਸਿੱਧੂ ਤੇ ਪ੍ਰਤਾਪ ਬਾਜਵਾ ਵਿਚਾਲੇ ਸ਼ਬਦੀ ਜੰਗ ਭਖੀ

ਕਾਂਗਰਸ ਵਿੱਚ ਦਿਨੋ-ਦਿਨ ਵਧ ਰਹੀ ਖ਼ਾਨਾਜੰਗੀ ਰੁਕਣ ਦਾ ਨਾਮ ਨਹੀਂ ਲੈ ਰਹੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸੋਸ਼ਲ ਮੀਡੀਆ ’ਤੇ ਚੱਲੀ ਗੱਲਬਾਤ ਨੂੰ ਅੱਜ ਕਈ ਕਾਂਗਰਸੀ ਵਿਧਾਇਕਾਂ ਨੇ ਚਰਚਾ ਵਿੱਚ ਲਿਆਂਦਾ ਹੈ। ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਰਾਜਿੰਦਰ ਸਿੰਘ ਸਮਾਣਾ, ਮਹੇਸ਼ਇੰਦਰ ਸਿੰਘ, ਰਾਮਿੰਦਰ ਆਮਲਾ, ਜਗਦੇਵ ਸਿੰਘ ਕਮਾਲੂ, ਹਲਕਾ ਇੰਚਾਰਜ ਗੁਰੂਹਰਸਹਾਏ ਵਿਜੈ ਕਾਲੜਾ, ਹਲਕਾ ਇੰਚਾਰਜ ਬਠਿੰਡਾ (ਦਿਹਾਤੀ) ਹਰਵਿੰਦਰ ਸਿੰਘ ਲਾਡੀ ਅਤੇ ਹੋਰ ਸੀਨੀਅਰ ਆਗੂਆਂ ਤੇ ਵਰਕਰ ਨਵਜੋਤ ਸਿੱਧੂ ਦੇ ਹੱਕ ਵਿੱਚ ਆ ਗਏ ਹਨ। ਇਨ੍ਹਾਂ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ। ਸਵਾਲ ਪੁੱਛਣ ਵਾਲਿਆਂ ਵਿੱਚ ਸਾਬਕਾ ਮੰਤਰੀ ਲਾਲ ਸਿੰਘ ਦੇ ਪੁੱਤਰ ਅਤੇ ਸਾਬਕਾ ਵਿਧਾਇਕ ਕਾਕਾ ਰਾਜਿੰਦਰ ਸਿੰਘ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਨਵਜੋਤ ਸਿੱਧੂ ਵੱਲੋਂ ਕੀਤੀ ਗਈ ਇੱਕ ਰੈਲੀ ਸਬੰਧੀ ਕਿਹਾ ਸੀ ਕਿ ਉਹ ਵੱਖਰੀਆਂ ਰੈਲੀਆਂ ਕਰਨ ਦੀ ਬਜਾਏ ਸਾਂਝੇ ਮੰਚ ’ਤੇ ਆਉਣ ਅਤੇ 21 ਤੇ 22 ਨੂੰ ਜਗਰਾਉਂ ਵਿੱਚ ਹੋ ਰਹੇ ਕਾਂਗਰਸ ਦੇ ਪ੍ਰਦਸ਼ਨ ਵਿੱਚ ਸ਼ਾਮਲ ਹੋ ਕੇ ਆਪਣੀ ਗੱਲ ਰੱਖਣ। ਸ੍ਰੀ ਬਾਜਵਾ ਨੇ ਇਹ ਵੀ ਕਿਹਾ ਸੀ ਕਿ ਸਿੱਧੂ ਦੀ ਪ੍ਰਧਾਨਗੀ ਹੇਠ ਕਾਂਗਰਸ 78 ਵਿਧਾਇਕਾਂ ਤੋਂ 18 ’ਤੇ ਸਿਮਟ ਗਈ ਹੈ। ਹੁਣ ਸਿੱਧੂ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਰਟੀ ਨਾਲ ਚੱਲਣ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਨਵਜੋਤ ਸਿੱਧੂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਬਾਜਵਾ ਨੂੰ ਪੁੱਛਿਆ, ‘‘ਤੁਸੀਂ ਇੰਡੀਆ ਗੱਠਜੋੜ ਦੀ ਸਿਆਸਤ ਨੂੰ ਨਕਾਰੋ ਤੇ ਬੋਲੋ ਕਿ ਅਸੀਂ ਕਾਂਗਰਸ ਹਾਈਕਮਾਂਡ ਵੱਲੋਂ ਇਸ ਗੱਠਜੋੜ ਦੇ ਸਿਆਸੀ ਫ਼ੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਅਖਾੜਾ ਨਹੀਂ ਹੈ? ਪਰ ਜੇ ਕੋਈ ਹੋਰ ਇਹ ਆਖੇ ਕਿ ਹਾਈਕਮਾਂਡ ਨਾਲ ਖੜ੍ਹਾਂਗਾ ਅਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਅਖਾੜਾ ਕਿਵੇਂ ਹੋ ਗਿਆ?’’ ਸਿੱਧੂ ਦੀ ਹਮਾਇਤ ਵਿੱਚ ਆਏ ਸਾਬਕਾ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੇ ਕਿਹਾ, ‘‘ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਅਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ਵਿੱਚ ਸੱਦਿਆ ਜਾਂਦਾ ਹੈ ਅਤੇ ਜੇ ਅਸੀਂ ਕਾਂਗਰਸ ਦੀ ਬਿਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ ’ਤੇ ਰੈਲੀ ਰੱਖ ਕੇ ਅੱਠ ਹਜ਼ਾਰ ਤੋਂ ਵੱਧ ਦਾ ਇਕੱਠ ਕੀਤਾ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਹਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਨਵਜੋਤ ਸਿੱਧੂ ਨਾਲ ਨੇੜਤਾ ਕਰ ਕੇ ਸਾਡੇ ਨਾਲ ਪਾਰਟੀ ਵਿੱਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ।’’ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੇ ਲਗਪਗ ਇੱਕ ਮਹੀਨੇ ਤੋਂ ਪ੍ਰਤਾਪ ਬਾਜਵਾ ਨੇ ਵਿਰੋਧੀ ਧਿਰ ਵਜੋਂ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਉਹ ਖੁੱਲ੍ਹੀ ਰੈਲੀ ਰਾਹੀਂ ਲੋਕਾਂ ਦੇ ਸਵਾਲ ਸਰਕਾਰ ਅੱਗੇ ਰੱਖ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਕਾਰਕੁਨਾਂ ਨੂੰ ਮਾਣ-ਸਤਿਕਾਰ ਤੇ ਨੁਮਾਇੰਦਗੀ ਨਹੀਂ ਮਿਲ ਰਹੀ।

Scroll to Top