AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਨਵਜੋਤ ਸਿੱਧੂ ਦੀ ਕੋਟਸ਼ਮੀਰ ਰੈਲੀ ਤੋਂ ਕਈ ਆਗੂਆਂ ਨੇ ਪਾਸਾ ਵੱਟਿਆ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਭਲਕੇ 7 ਜਨਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ’ਚ ‘ਲੋਕ ਮਿਲਣੀ’ ਬੈਨਰ ਹੇਠ ਕੀਤੀ ਜਾ ਰਹੀ ਰੈਲੀ ਦੀ ਮੁਕਾਮੀ ਆਗੂਆਂ ਨੇ ਅੱਜ ਖੁੱਲ੍ਹ ਕੇ ਵਿਰੋਧਤਾ ਕਰਦਿਆਂ ਮੋਰਚਾ ਖੋਲ੍ਹ ਦਿੱਤਾ। ਜ਼ਿਲ੍ਹੇ ਦੇ ਆਗੂਆਂ ਵੱਲੋਂ ਪਾਰਟੀ ਦੇ ਸੂਬਾਈ ਲੀਡਰਸ਼ਿਪ ਨੂੰ ਅਜਿਹੀਆਂ ਬਗ਼ਾਵਤੀ ਸਰਗਰਮੀਆਂ ਨੂੰ ਲਗਾਮ ਪਾਉਣ ਅਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਲੀਡਰਾਂ ਖਿਲਾਫ਼ ਸਖ਼ਤ ਐਕਸ਼ਨ ਲੈਣ ਦੀ ਅਪੀਲ ਕੀਤੀ ਗਈ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦੀ ਸੀਨੀਅਰ ਮੀਤ ਪ੍ਰਧਾਨ ਕਿਰਨਦੀਪ ਕੌਰ ਵਿਰਕ ਦੀ ਅਗਵਾਈ ’ਚ ਕਾਂਗਰਸੀਆਂ ਨੇ ਅੱਜ ਇਥੇ ਕਾਂਗਰਸ ਭਵਨ ਵਿੱਚ ਪ੍ਰੈਸ ਕਾਨਫਰੰਸ ਕੀਤੀ। ਬੀਬੀ ਵਿਰਕ ਅਤੇ ਜ਼ਿਲ੍ਹਾ ਜਨਰਲ ਸਕੱਤਰ ਤੇ ਮੈਂਬਰ ਬਲਾਕ ਸਮਿਤੀ ਬਲਦੇਵ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੱਤੀ ਕਿ ਉਹ ਕਾਂਗਰਸ ਦੇ ਸੀਨੀਅਰ ਲੀਡਰ ਹਨ ਅਤੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਅਜਿਹੀਆਂ ‘ਪਾਰਟੀ ਵਿਰੋਧੀ’ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਵੱਖਰੀਆਂ ਰੈਲੀਆਂ ਕਰਨ ਨਾਲ ਵਰਕਰਾਂ ਦਾ ਨੁਕਸਾਨ ਹੁੰਦਾ ਹੈ ਅਤੇ ਅਜਿਹਾ ਨੁਕਸਾਨ ਕਾਂਗਰਸ ਦਾ ਵੀ ਹੋ ਰਿਹਾ ਹੈ। ਉਨ੍ਹਾਂ ਚਿਤਾਰਿਆ ਕਿ ਜਦੋਂ ਨਵਜੋਤ ਸਿੱਧੂ ਪਾਰਟੀ ਦੇ ਪ੍ਰਧਾਨ ਸਨ ਤਾਂ ਉਸ ਵੇਲੇ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਗਿਆ ਅਤੇ ਹੁਣ ਉਨ੍ਹਾਂ ਨੂੰ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਕਬੂਲਣੀ ਚਾਹੀਦੀ ਹੈ। ਉਨ੍ਹਾਂ ਕੋਟ ਸ਼ਮੀਰ ਹੋ ਰਹੀ ਰੈਲੀ ਦੇ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ ’ਤੇ ਦੋਸ਼ ਲਾਏ ਕਿ ਉਨ੍ਹਾਂ ਦੀ ਪਾਰਟੀ ਹਿਤ ਲਈ ਕੋਈ ਸਰਗਰਮੀ ਨਹੀਂ ਅਤੇ ਨਾ ਹੀ ਉਹ ਵਰਕਰਾਂ ਦੇ ਸੰਪਰਕ ’ਚ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲਾਡੀ ਦੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਸਮੇਂ ਸ਼ਮੂਲੀਅਤ ਨਹੀਂ ਰਹੀ। ਆਗੂਆਂ ਨੇ ਖੁਲਾਸਾ ਕੀਤਾ ਕਿ ਲਾਡੀ ਦੀ ਕਾਂਗਰਸ ਪਾਰਟੀ ’ਚੋਂ ਮੁੱਢਲੀ ਮੈਂਬਰਸ਼ਿਪ 24 ਜੁਲਾਈ 2023 ਨੂੰ ਰੱਦ ਕਰ ਦਿੱਤੀ ਗਈ ਸੀ, ਇਸ ਲਈ ਉਦੋਂ ਤੋਂ ਉਨ੍ਹਾਂ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਅਖੀਰ ’ਚ ਸਪਸ਼ਟ ਕਿਹਾ ਕਿ ਇਸ ਰੈਲੀ ਦਾ ਕਾਂਗਰਸ ਲੀਡਰਸ਼ਿਪ ਵੱਲੋਂ ਕਿਸੇ ਵੀ ਤਰ੍ਹਾਂ ਦਾ ਸੱਦਾ ਪੱਤਰ ਨਾ ਆਉਣ ਕਰਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕੋਟ ਸ਼ਮੀਰ ਵਿਖੇ ਭਲਕੇ ਐਤਵਾਰ ਨੂੰ ਹੋ ਰਹੀ ਰੈਲੀ ਨਾਲ ਕੋਈ ਕਾਂਗਰਸ ਪਾਰਟੀ ਜਾਂ ਮੁਕਾਮੀ ਲੀਡਰਸ਼ਿਪ ਅਤੇ ਵਰਕਰਾਂ ਦਾ ਕੋਈ ਸਬੰਧ ਨਹੀਂ ਹੈ। ਇਸ ਮੌਕੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਸਮੇਤ ਜ਼ਿਲ੍ਹੇ ਦੇ ਕਾਂਗਰਸੀ ਆਗੂ, ਸਰਪੰਚ, ਪੰਚ ਤੇ ਮੋਹਤਬਰ ਸ਼ਖ਼ਸੀਅਤਾਂ ਹਾਜ਼ਰ ਸਨ।

Scroll to Top