AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਨਵਜੋਤ ਸਿੱਧੂ ਦੀ ਮੋਗਾ ਰੈਲੀ ਵੱਕਾਰ ਦਾ ਸਵਾਲ ਬਣੀ

ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਕਾਰਨ ਪਾਰਟੀ ਵਿੱਚ ਤਲਖੀ ਦਾ ਮਾਹੌਲ ਜਾਰੀ ਹੈ। ਇੱਥੇ ਸਿੱਧੂ ਦੀ 21 ਜਨਵਰੀ ਨੂੰ ਹੋ ਰਹੀ ਰੈਲੀ ਤੋਂ ਸਥਾਨਕ ਆਗੂਆਂ ਵੱਲੋਂ ਕਿਨਾਰਾ ਕਰ ਲੈਣ ਤੋਂ ਬਾਅਦ ਇਹ ਰੈਲੀ ਸਿੱਧੂ ਅਤੇ ਰੈਲੀ ਕਰਵਾਉਣ ਵਾਲੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਲਈ ਵੱਕਾਰ ਦਾ ਸਵਾਲ ਬਣ ਗਈ ਹੈ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਸਿੱਧੂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀ ਹੈ। ਵੱਖਰੀਆਂ ਰੈਲੀਆਂ ਕਰਨ ਨਾਲ ਲੋਕਾਂ ਵਿਚ ਪਾਰਟੀ ਪ੍ਰਤੀ ਗਲਤ ਸੰਦੇਸ਼ ਜਾ ਰਿਹਾ ਹੈ। ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਆਗੂਆਂ ਤੇ ਵਰਕਰਾਂ ਨੂੰ ਇਕਜੁੱਟ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵੱਲੋਂ ਆਪਣੀ ਪਹਿਲੀ ਰੈਲੀ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ’ਚ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਕਾਟੋ-ਕਲੇਸ਼ ਸ਼ੁਰੂ ਹੋ ਗਿਆ ਸੀ। ਇਸ ਮਗਰੋਂ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਵੀ ਉਠੀ ਸੀ। ਇਸ ਦੇ ਬਾਵਜੂਦ ਸਿੱਧੂ ਚੁੱਪ ਨਹੀਂ ਬੈਠੇ। ਉਹ ਹੋਰ ਜ਼ਿਲ੍ਹਿਆਂ ਵਿਚ ਵੀ ਰੈਲੀਆਂ ਕਰ ਚੁੱਕੇ ਹਨ। ਹਾਲਾਂਕਿ ਹਾਈ ਕਮਾਂਡ ਨਾਲ ਨਵਜੋਤ ਸਿੱਧੂ ਸਿੱਧੇ ਸੰਪਰਕ ਵਿੱਚ ਹਨ ਪਰ ਉਨ੍ਹਾਂ ਦੀਆਂ ਵੱਖਰੀਆਂ ਰੈਲੀਆਂ ਬਾਰੇ ਹਾਈ ਕਮਾਂਡ ਨੇ ਹਾਲੇ ਤੱਕ ਚੁੱਪ ਧਾਰੀ ਹੋਈ ਹੈ। ਇਸੇ ਦੌਰਾਨ ਸਿੱਧੂ ਦੀ ਰੈਲੀ ਨੂੰ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਉਨ੍ਹਾਂ ਦੇ ਫਰਜ਼ੰਦ ਐਡਵੋਕੇਟ ਧਰਮਪਾਲ ਸਿੰਘ ਸਫ਼ਲ ਬਣਾਉਣ ਲਈ ਪੂਰੀ ਵਾਹ ਲਗਾ ਰਹੇ ਹਨ।

Scroll to Top