
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਈ ਕੁੜੱਤਣ ਲਈ ਇੱਕ ਵਾਰ ਫਿਰ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਕਦੇ ਵੀ ਗੈਰ-ਕਾਨੂੰਨੀ ਜਾਂ ਮਨਘੜਤ ਦੋਸ਼ ਨਹੀਂ ਲਗਾਏ ਹਨ ਅਤੇ ਅੱਜ ਵੀ ਭਾਰਤ ਨਾਲ ਉਸਾਰੂ ਢੰਗ ਨਾਲ ਕੰਮ ਕਰ ਰਿਹਾ ਹੈ। ਟਰੂਡੋ ਨੇ ਸਿੱਧੇ ਤੌਰ ‘ਤੇ ਭਾਰਤ ਸਰਕਾਰ ‘ਤੇ ਕਾਨੂੰਨ ਤੋੜ ਕੇ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨਾਲ ਸਬੰਧਾਂ ਵਿੱਚ ਕੋਈ ਜੰਗ ਜਾਂ ਕੁੜੱਤਣ ਨਹੀਂ ਚਾਹੁੰਦੀ ਸਗੋਂ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ।
ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦਿੱਤੀ ਗਈ ਛੋਟ ਵਾਪਸ ਲੈ ਲਈ ਸੀ, ਜਿਸ ਤੋਂ ਬਾਅਦ ਹਾਲ ਹੀ ਵਿੱਚ ਉਨ੍ਹਾਂ ਨੂੰ ਆਪਣੇ ਦੇਸ਼ ਪਰਤਣਾ ਪਿਆ ਸੀ। ਇਸ ਦੇ ਲਈ ਜਸਟਿਨ ਟਰੂਡੋ ਨੇ ਇਕ ਵਾਰ ਫਿਰ ਭਾਰਤ ‘ਤੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਟਰੂਡੋ ਨੇ ਕਿਹਾ, “ਅਸੀਂ ਬਹੁਤ ਨਿਰਾਸ਼ ਹਾਂ ਕਿ ਭਾਰਤ ਨੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਅਤੇ ਮਨਮਾਨੇ ਢੰਗ ਨਾਲ 41 ਕੈਨੇਡੀਅਨ ਡਿਪਲੋਮੈਟਾਂ ਦੀ ਡਿਪਲੋਮੈਟਿਕ ਛੋਟ ਨੂੰ ਰੱਦ ਕਰ ਦਿੱਤਾ।”
ਸਾਡੇ ਨਜ਼ਰੀਏ ਤੋਂ ਇਸ ਬਾਰੇ ਸੋਚੋ। ਜੇਕਰ ਕੋਈ ਦੇਸ਼ ਇਹ ਫੈਸਲਾ ਕਰ ਸਕਦਾ ਹੈ ਕਿ ਕਿਸੇ ਹੋਰ ਦੇਸ਼ ਦੇ ਡਿਪਲੋਮੈਟ ਹੁਣ ਸੁਰੱਖਿਅਤ ਨਹੀਂ ਹਨ, ਤਾਂ ਇਹ ਅੰਤਰਰਾਸ਼ਟਰੀ ਸਬੰਧਾਂ ਨੂੰ ਹੋਰ ਖਤਰਨਾਕ ਅਤੇ ਗੰਭੀਰ ਬਣਾ ਦਿੰਦਾ ਹੈ। ਇਸ ਦੇ ਬਾਵਜੂਦ ਅਸੀਂ ਭਾਰਤ ਨਾਲ ਰਚਨਾਤਮਕ ਅਤੇ ਸਕਾਰਾਤਮਕ ਢੰਗ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਰਦੇ ਰਹਾਂਗੇ। ਇਹ ਉਹ ਲੜਾਈ ਨਹੀਂ ਹੈ ਜੋ ਅਸੀਂ ਇਸ ਸਮੇਂ ਲੜਨਾ ਚਾਹੁੰਦੇ ਹਾਂ। ਅਸੀਂ ਹਮੇਸ਼ਾ ਕਾਨੂੰਨ ਦੇ ਰਾਜ ਲਈ ਸਪੱਸ਼ਟ ਤੌਰ ‘ਤੇ ਖੜ੍ਹੇ ਰਹਾਂਗੇ ਕਿਉਂਕਿ ਇਹ ਕੰਮ ਕਰਨ ਦਾ ਕੈਨੇਡੀਅਨ ਤਰੀਕਾ ਹੈ।
ਗਰਮਖਿਆਲੀ ਹਰਦੀਪ ਨਿੱਝਰ ਦੇ ਕਤਲ ‘ਚ ਭਾਰਤ ਦੀ ਸ਼ਮੂਲੀਅਤ ਦੇ ਆਪਣੇ ਦੋਸ਼ਾਂ ‘ਤੇ ਟਰੂਡੋ ਨੇ ਕਿਹਾ ਕਿ ਜਦੋਂ ਸਾਨੂੰ ਕੈਨੇਡੀਅਨ ਨਾਗਰਿਕ ਦੇ ਕਤਲ ‘ਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਬਾਰੇ ਪਤਾ ਲੱਗਾ। ਸਾਡੇ ਕੋਲ ਇਹ ਮੰਨਣ ਦੇ ਗੰਭੀਰ ਕਾਰਨ ਹਨ ਕਿ ਉਸ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਹੋ ਸਕਦੇ ਹਨ। ਅਸੀਂ ਇਸ ਸ਼ਿਕਾਇਤ ਨੂੰ ਲੈ ਕੇ ਭਾਰਤ ਪਹੁੰਚੇ ਅਤੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ। ਅਸੀਂ ਅਮਰੀਕਾ ਵਰਗੇ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਨਾਲ ਵੀ ਸੰਪਰਕ ਕੀਤਾ। ਟਰੂਡੋ ਨੇ ਕਿਹਾ, ਭਾਰਤ ਤੋਂ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ, ਇਹ ਨਿਰਾਸ਼ਾਜਨਕ ਹੈ। ਸਾਨੂੰ ਸਾਰਿਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਲੋਕਤੰਤਰ ਦੀ ਪ੍ਰਭੂਸੱਤਾ ਦੀ ਇਸ ਗੰਭੀਰ ਉਲੰਘਣਾ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਅਸੀਂ ਸਾਰੇ ਹਿੱਸੇਦਾਰਾਂ ਨਾਲ ਕੰਮ ਕਰ ਰਹੇ ਹਾਂ ਅਤੇ ਜਾਂਚ ਏਜੰਸੀਆਂ ਆਪਣਾ ਕੰਮ ਜਾਰੀ ਰੱਖਣਗੀਆਂ। ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਹਮੇਸ਼ਾ ਕਾਨੂੰਨ ਦੇ ਰਾਜ ਲਈ ਖੜ੍ਹਾ ਰਹੇਗਾ ਕਿਉਂਕਿ ਜੇਕਰ ਵੱਡੇ ਦੇਸ਼ ਬਿਨਾਂ ਕਿਸੇ ਨਤੀਜੇ ਦੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਸਕਦੇ ਹਨ, ਤਾਂ ਪੂਰੀ ਦੁਨੀਆ ਸਾਰਿਆਂ ਲਈ ਖਤਰਨਾਕ ਹੋ ਜਾਂਦੀ ਹੈ।