AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਪਟਿਆਲਾ ਜੇਲ੍ਹ ’ਚ ਰਾਜੋਆਣਾ ਵੱਲੋਂ ਭੁੱਖ ਹੜਤਾਲ ਜਾਰੀ

ਫਾਂਸੀ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰਵਾਉਣ ਲਈ ਬਾਰ੍ਹਾਂ ਸਾਲਾਂ ਤੋਂ ਪੈਂਡਿੰਗ ਪਈ ਰਹਿਮ ਦੀ ਅਪੀਲ ਵਾਪਸ ਕਰਵਾਉਣ ਸਬੰਧੀ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਰੰਭੀ ਗਈ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਰਾਜੋਆਣਾ ਦੀ ਤੰਦਰੁਸਤੀ ਦੀ ਪੁਸ਼ਟੀ ਕੀਤੀ ਹੈ। ਰਾਜੋਆਣਾ ਨੂੰ ਸ਼ਿਕਵਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਢੁੱਕਵੀਂ ਭੂਮਿਕਾ ਨਾ ਨਿਭਾਏ ਜਾਣ ਕਰਕੇ ਹੀ ਇਹ ਅਪੀਲ 12 ਸਾਲਾਂ ਤੋਂ ਲਟਕ ਰਹੀ ਹੈ। ਜ਼ਿਕਰਯੋਗ ਹੈ ਕਿ ਰਾਜੋਆਣਾ ਨੂੰ 31 ਅਗਸਤ 1995 ਨੂੰ ਵਾਪਰੇ ਬੇਅੰਤ ਸਿੰਘ ਕਤਲ ਕਾਂਡ ਸਬੰਧੀ 2007 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜੋ ਚਾਰਾਜੋਈ ਨਾ ਕਰਨ ਕਰਕੇ 2010 ’ਚ ਹਾਈ ਕੋਰਟ ਨੇ ਵੀ ਬਰਕਰਾਰ ਰੱਖੀ। ਫੇਰ ਫਾਂਸੀ ਦੇਣ ਲਈ 30 ਮਾਰਚ 2012 ਦਾ ਦਿਨ ਵੀ ਮਿਥਿਆ ਗਿਆ ਸੀ ਤਾਂ ਵੀ ਰਾਜੋਆਣਾ ਚਾਰਾਜੋਈ ਕਰਨ ਤੋਂ ਇਨਕਾਰੀ ਹੋ ਗਏ। ਇਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਰਹਿਮ ਦੀ ਅਪੀਲ ਦਾਇਰ ਕੀਤੀ, ਜਿਸ ਦੀ ਸੁਣਵਾਈ ਦੌਰਾਨ ਰਾਸ਼ਟਰਪਤੀ ਨੇ ਕੁਝ ਘੰਟੇ ਪਹਿਲਾਂ ਫਾਂਸੀ ’ਤੇ ਰੋਕ ਲਾ ਕੇ ਫਾਈਲ ਕੇਂਦਰੀ ਗ੍ਰ੍ਰਹਿ ਮੰਤਰਾਲੇ ਕੋਲ ਭੇਜ ਦਿੱਤੀ, ਜੋ 12 ਸਾਲਾਂ ਤੋਂ ਉਥੇ ਹੀ ਪਈ ਹੈ। ਉੱਧਰ ਪੰਜ ਸਿੰਘ ਸਾਹਿਬਾਨ ਵੱਲੋਂ ਭੁੱਖ ਹੜਤਾਲ ਖਤਮ ਕਰਨ ਦੀ ਕੀਤੀ ਗਈ ਅਪੀਲ ਸਬੰਧੀ ਅਧਿਕਾਰਤ ਸੁਨੇਹਾ ਸ਼ਾਮ ਤੱਕ ਵੀ ਰਾਜੋਆਣਾ ਕੋਲ ਨਹੀਂ ਸੀ ਪੁੱਜਿਆ। ਹਾਲਾਂਕਿ ਇਸ ਸਬੰਧੀ ਜੇਲ੍ਹ ਵਿਭਾਗ ਨੂੰ ਈਮੇਲ ਭੇਜੀ ਹੋਣ ਦੀ ਗੱਲ ਆਖੀ ਜਾ ਰਹੀ ਹੈ। ਸੰਪਰਕ ਕਰਨ ’ਤੇ ਕਮਲਦੀਪ ਕੌਰ ਰਾਜੋਆਣਾ ਨੇ ਵੀ ਅਧਿਕਾਰਤ ਜਾਣਕਾਰੀ ਨਾ ਮਿਲਣ ਦੀ ਗੱਲ ਆਖੀ ਹੈ।

Scroll to Top