
ਪੰਜਾਬ ਵਿੱਚ ਐਤਕੀਂ ਪਰਾਲੀ ਦੀ ਅੱਗ ਨੇ ਬਠਿੰਡਾ ਜ਼ਿਲ੍ਹੇ ਦਾ ਧੂੰਆਂ ਕੱਢ ਦਿੱਤਾ ਹੈ, ਜਿੱਥੇ ਹਵਾ ਦੀ ਗੁਣਵੱਤਾ ‘ਗੰਭੀਰ’ ਰਿਕਾਰਡ ਕੀਤੀ ਗਈ ਹੈ। ਅੱਜ ਸਵੇਰ ਵੇਲੇ ਹਵਾ ਦੀ ਗੁਣਵੱਤਾ 407 ਦਰਜ ਕੀਤੀ ਗਈ ਜੋ ਕਿ ਸ਼ਾਮ ਸਮੇਂ 375 ’ਤੇ ਆ ਗਈ। ਦਿੱਲੀ ਤੇ ਹਰਿਆਣਾ ਦੇ ਅੱਠ ਸ਼ਹਿਰਾਂ ਵਰਗੀ ਸਥਤਿੀ ਹੀ ਬਠਿੰਡਾ ਜ਼ਿਲ੍ਹੇ ਦੀ ਬਣੀ ਹੋਈ ਹੈ। ਪੁਰਾਣੇ ਵੇਲਿਆਂ ਵਿੱਚ ਟਿੱਬਿਆਂ ਦੀਆਂ ਧੂੜਾਂ ਆਸਮਾਨੀ ਚੜ੍ਹਦੀਆਂ ਸਨ। ਵਕਤ ਬਦਲਿਆ ਤਾਂ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੇ ਉਦੋਂ ਤੱਕ ਬਠਿੰਡਾ ਸ਼ਹਿਰ ਦੇ ਲੋਕਾਂ ’ਤੇ ਸੁਆਹ ਸੁੱਟੀ ਜਦੋਂ ਤੱਕ ਉਸ ਦਾ ਨਵੀਨੀਕਰਨ ਨਹੀਂ ਕਰ ਦਿੱਤਾ ਗਿਆ। ਪਰਾਲੀ ਪ੍ਰਦੂਸ਼ਣ ਨੂੰ ਲੈ ਕੇ ਬਾਕੀ ਸੂਬੇ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) 300 ਤੋਂ ਹੇਠਾਂ ਦਰਜ ਕੀਤਾ ਗਿਆ। ਸਨਅਤੀ ਸ਼ਹਿਰ ਲੁਧਿਆਣਾ ਅਤੇ ਗੋਬਿੰਦਗੜ੍ਹ ਵਿੱਚ ਹਵਾ ਦੀ ਗੁਣਵੱਤਾ 300 ਰਿਕਾਰਡ ਕੀਤੀ ਗਈ ਅਤੇ ਸ਼ਾਮ ਨੂੰ ਇਹ ਕ੍ਰਮਵਾਰ 243 ਤੇ 291 ਸੀ। ਸ਼ਾਮ 4 ਵਜੇ ਅੰਮ੍ਰਤਿਸਰ ਦਾ ਏਕਿਊਆਈ 178, ਜਲੰਧਰ ਵਿੱਚ 261 ਅਤੇ ਪਟਿਆਲਾ ਦਾ 248 ਦਰਜ ਕੀਤਾ ਗਿਆ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਅੱਜ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਮਾਸਕ ਆਦਿ ਪਹਿਨ ਕੇ ਘਰਾਂ ਵਿੱਚੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਅਨੁਸਾਰ ਪੰਜਾਬ ਵਿੱਚ 15 ਸਤੰਬਰ ਤੋਂ 4 ਨਵੰਬਰ ਤੱਕ 14,173 ਕੇਸ ਅੱਗਾਂ ਲਾਉਣ ਦੇ ਸਾਹਮਣੇ ਆਏ ਹਨ ਜਦੋਂਕਿ ਪਿਛਲੇ ਵਰ੍ਹੇ ਇਹ ਅੰਕੜਾ ਇਸ ਤਰੀਕ ਤੱਕ 26,583 ਸੀ। ਕੇਸਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਵਿੱਚ ਅੱਗ ਲਾਉਣ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਹਾਲਾਂਕਿ, ਪਰਾਲੀ ਨੂੰ ਸਾੜਨ ਦਾ ਰੁਝਾਨ ਪਹਿਲਾਂ ਦੀ ਤਰ੍ਹਾਂ ਜਾਰੀ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਖ਼ੁਦ ਪਿੰਡਾਂ ਅਤੇ ਖੇਤਾਂ ਦੇ ਦੌਰੇ ਕੀਤੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਸਰਕਾਰੀ ਟੀਮਾਂ ਨੇ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿੱਚ ਵਾਪਰੀ ਘਟਨਾ ਮਗਰੋਂ ਪੁਲੀਸ ਸੁਰੱਖਿਆ ਦੀ ਮੰਗ ਕੀਤੀ ਹੈ। ਮਾਨਸਾ ਜ਼ਿਲ੍ਹੇ ਵਿੱਚ ਬੁਢਲਾਡਾ ਬਲਾਕ, ਸੰਗਰੂਰ ਜ਼ਿਲ੍ਹੇ ਵਿੱਚ ਸੰਗਰੂਰ ਬਲਾਕ, ਫ਼ਰੀਦਕੋਟ ਜ਼ਿਲ੍ਹੇ ਵਿੱਚ ਫ਼ਰੀਦਕੋਟ ਬਲਾਕ, ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਜ਼ੀਰਾ ਬਲਾਕ, ਬਰਨਾਲਾ ਜ਼ਿਲ੍ਹੇ ਵਿੱਚ ਮਹਿਲ ਕਲਾਂ ਬਲਾਕ, ਬਠਿੰਡਾ ਜ਼ਿਲ੍ਹੇ ਵਿੱਚ ਰਾਮਪੁਰਾ ਬਲਾਕ ਵਿੱਚ ਪਰਾਲੀ ਸਾੜਨ ਦੇ ਕੇਸਾਂ ਦੀ ਗਿਣਤੀ ਵੱਧ ਰਹੀ। ਸੂਤਰ ਆਖਦੇ ਹਨ ਕਿ ਅੱਗੇ ਪੰਚਾਇਤੀ ਚੋਣਾਂ ਹਨ ਜਿਸ ਕਰ ਕੇ ਸਰਕਾਰ ਬਹੁਤੀ ਨਾਰਾਜ਼ਗੀ ਮੁੱਲ ਨਹੀਂ ਸਹੇੜਨਾ ਚਾਹੁੰਦੀ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਖਦੇ ਹਨ ਕਿ ਇਸ ਵਾਰ ਇਨ ਸੀਟੂ ਮੈਨੇਜਮੈਂਟ ’ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਦੂਸਰੇ ਪਾਸੇ ਕਿਸਾਨ ਯੂਨੀਅਨਾਂ ਨੇ ਵੀ ਪੈਂਤੜੇ ਲਏ ਹਨ। ਗੱਲ ਉੱਠਣ ਲੱਗੀ ਹੈ ਕਿ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹਿੱਸਾ ਲੈਣਾ ਚਾਹੀਦਾ ਹੈ। ਗੁਰੂ ਘਰਾਂ ’ਚੋਂ ਵਾਤਾਵਰਨ ਦੀ ਸ਼ੁੱਧਤਾ ਦਾ ਹੋਕਾ ਦਿੱਤਾ ਜਾਣਾ ਚਾਹੀਦਾ ਹੈ।