AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਪਿੰਡ ਸਤੌਜ ਵੱਲ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲੀਸ ਵਿਚਾਲੇ ਝੜਪ

ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿੱਚ ਰੋਸ ਮਾਰਚ ਕਰਨ ਜਾ ਰਹੇ ਈਟੀਟੀ/ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕਾਂ ਤੇ ਪੁਲੀਸ ਵਿਚਾਲੇ ਪਿੰਡ ਤੋਲਾਵਾਲ ਵਿੱਚ ਝੜਪ ਹੋ ਗਈ। ਪੁਲੀਸ ਨੇ ਬੇਰੁਜ਼ਗਾਰ ਅਧਿਆਪਕ ਮੁੰਡੇ-ਕੁੜੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਥਾਣਾ ਚੀਮਾ ਲੈ ਗਈ। ਬੇਰੁਜ਼ਗਾਰ ਅਧਿਆਪਕਾਂ ਨੇ ਪੁਲੀਸ ਉਪਰ ਅੰਨ੍ਹੇਵਾਹ ਲਾਠੀਚਾਰਜ ਕਰਨ ਅਤੇ ਅਪਸ਼ਬਦ ਬੋਲਣ ਦਾ ਦੋਸ਼ ਲਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਆਪਣੇ ਸਰੀਰ ਉਪਰ ਪੁਲੀਸ ਦੀਆਂ ਡਾਂਗਾਂ ਦੇ ਨਿਸ਼ਾਨ ਵੀ ਵਿਖਾਏ ਹਨ। ਅਧਿਆਪਕ ਯੂਨੀਅਨ ਦੇ ਸੂਬਾ ਆਗੂ ਬਲਿਹਾਰ ਸਿੰਘ ਬੱਲੀ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਦੇ ਪਿੰਡ ਸਤੌਜ ਵੱਲ ਰੋਸ ਮਾਰਚ ਸ਼ੁਰੂ ਕੀਤਾ ਗਿਆ ਤਾਂ ਪੁਲੀਸ ਨੇ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਪਿੰਡ ਤੋਲਾਵਾਲ ਕੋਲ ਹੀ ਰੋਕ ਲਿਆ ਅਤੇ ਉਨ੍ਹਾਂ ਉਪਰ ਲਾਠੀਚਾਰਜ ਕਰ ਦਿੱਤਾ। ਪ੍ਰਦਰਸ਼ਨਕਾਰੀ ਪੁਲੀਸ ਲਾਠੀਚਾਰਜ ਤੋਂ ਬਚਣ ਲਈ ਖੇਤਾਂ ਵੱਲ ਦੌੜੇ ਪਰੰਤੂ ਪੁਲੀਸ ਨੇ ਖੇਤਾਂ ਵਿੱਚ ਭਜਾ-ਭਜਾ ਕੇ ਕੁੱਟਿਆ, ਜਿਸ ਦੌਰਾਨ ਕਈ ਅਧਿਆਪਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਹਿਰਾਸਤ ਵਿਚ ਲੈ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਗਾਲ੍ਹਾਂ ਕੱਢੀਆਂ ਗਈਆਂ। ਸੂਬਾ ਕਮੇਟੀ ਆਗੂਆਂ ਪਰਮਪਾਲ, ਬੱਗਾ ਖੁਡਾਲ, ਕੁਲਵਿੰਦਰ ਬਰੇਟਾ, ਪਰਗਟ ਸਿੰਘ, ਲਵਪ੍ਰੀਤ ਦੰਦੀਵਾਲ, ਜੱਸੀ ਬਿੱਲਾ, ਹਰੀਸ਼ ਕੁਮਾਰ ਤੇ ਬੰਟੀ ਅਬੋਹਰ ਨੇ ਕਿਹਾ ਕਿ 9 ਮਹੀਨੇ ਪਹਿਲਾਂ ਬਤੌਰ ਪ੍ਰਾਇਮਰੀ ਅਧਿਆਪਕ ਚੁਣੇ ਗਏ ਉਮੀਦਵਾਰਾਂ ਨੂੰ ਜੁਆਇਨਿੰਗ ਲੈਣ ਲਈ ਸੜਕਾਂ ਉਪਰ ਰੁਲਣਾ ਪੈ ਰਿਹਾ ਹੈ। ਡੀਐੱਸਪੀ ਸੁਨਾਮ ਭਰਭੂਰ ਸਿੰਘ ਨੇ ਪੁਲੀਸ ਲਾਠੀਚਾਰਜ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲੀਸ ਨੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ।

Scroll to Top