
ਕਬੱਡੀ ਖਿਡਾਰੀ ’ਤੇ ਗੋਲੀਬਾਰੀ ਕਰਨ ਮਾਮਲੇ ਵਿੱਚ ਨਾਮਜ਼ਦ ਨੌਜਵਾਨ ਦੇ ਪਿਤਾ ਇੰਦਰਪਾਲ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਮਾਮਲਾ ਭਖ ਗਿਆ ਹੈ। ਪਿੰਡ ਧੂੜਕੋਟ ਰਣਸੀਂਹ ਵਾਸੀ ਇੰਦਰਪਾਲ ਬੀਕੇਯੂ ਡਕੌਂਦਾ ਦਾ ਕਾਰਕੁਨ ਸੀ। ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਇਨਕਲਾਬੀ ਕਿਸਾਨ ਜਥੇਬੰਦੀਆਂ ਨੇ ਦੂਜੇ ਦਿਨ ਵੀ ਪੁਲੀਸ ਥਾਣੇ ਦਾ ਘਿਰਾਓ ਕਰੀ ਰੱਖਿਆ। ਮ੍ਰਿਤਕ ਦਾ ਹਾਲੇ ਤਕ ਪੋਸਟ ਮਾਰਟਮ ਵੀ ਨਹੀਂ ਹੋ ਸਕਿਆ, ਇਸ ਲਈ ਮ੍ਰਿਤਕ ਦੇਹ ਸਥਾਨਕ ਹਸਪਤਾਲ ਵਿੱਚ ਰੱਖ ਦਿੱਤੀ ਗਈ ਹੈ। ਪੁਲੀਸ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਲਈ ਤਿਆਰ ਨਹੀਂ। ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਐੱਸਐੱਸਪੀ ਨੂੰ ਪੱਤਰ ਲਿਖ ਕੇ (ਜਿਸ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ) ਖੁਦਕੁਸ਼ੀ ਦੀ ਪੂਰੀ ਦਾਸਤਾਨ ਬਿਆਨ ਕਰਦਿਆਂ ਥਾਣਾ ਮੁਖੀ ’ਤੇ ਜ਼ਲੀਲ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਇੰਦਰਪਾਲ ਤੋਂ ਇਲਾਵਾ ਉਸ ਦੀ ਪਤਨੀ ਤੇ ਬਜ਼ੁਰਗ ਮਾਂ ਰਣਜੀਤ ਕੌਰ ਨੂੰ ਵੀ ਥਾਣੇ ’ਚ ਡੱਕੀ ਰੱਖਿਆ। ਉਨ੍ਹਾਂ ਕਿਹਾ ਕਿ ਕੌਮਾਂਤਰੀ ਕਬੱਡੀ ਖਿਡਾਰੀ ’ਤੇ ਹਮਲੇ ਦੇ ਦੋਸ਼ ਹੇਠ ਉਸ ਦੇ ਪੁੱਤਰ ਨੂੰ ਝੂਠਾ ਫ਼ਸਾਇਆ ਗਿਆ ਹੈ। ਉਸ ਦੇ ਪਤੀ ਇੰਦਰਪਾਲ ਨੂੰ ਕਈ ਦਿਨ ਥਾਣੇ ਵਿਚ ਗੈਰਕਾਨੂੰਨੀ ਹਿਰਾਸਤ ਵਿਚ ਰੱਖ ਕੇ ਜ਼ਲੀਲ ਕੀਤਾ ਗਿਆ ਜਿਸ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਨੇ ਖੁਦਕੁਸ਼ੀ ਨੋਟ ਵਿਚ ਮੌਤ ਲਈ ਥਾਣਾ ਮੁਖੀ ਕਸ਼ਮੀਰ ਸਿੰਘ, ਕੌਮਾਂਤਰੀ ਕਬੱਡੀ ਖਿਡਾਰੀ ਬਿੰਦਰੀ, ਉਸ ਦੇ ਪਿਤਾ ਤੇ ਦੋ ਹੋਰਾਂਂ ਨੂੰ ਜ਼ਿੰਮੇਵਾਰ ਦੱਸਿਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਰਾਮਾ, ਬਰਨਾਲਾ ਤੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਨੇ ਕਿਹਾ ਕਿ ਜਿੰਨਾ ਚਿਰ ਕਿਸਾਨ ਦੀ ਮੌਤ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਨਹੀਂ ਕੀਤੀ ਜਾਂਦੀ ਓਨਾ ਚਿਰ ਘਿਰਾਓ ਜਾਰੀ ਰਹੇਗਾ। ਇਸ ਮਾਮਲੇ ’ਤੇ ਐੱਸਐੱਸਪੀ ਤੇ ਡੀਐੱਸਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।