
ਪੰਜਾਬ ਤੇ ਹਰਿਆਣਾ ਵਿਚਾਲੇ ਹੁਣ ਪਰਾਲੀ ਦੇ ਧੂੰਏਂ ਨੂੰ ਲੈ ਕੇ ਟਕਰਾਅ ਬਣਨ ਲੱਗਾ ਹੈ। ਪੰਜਾਬ ਦੇ ਮੁਕਾਬਲੇ ਐਤਕੀਂ ਹਰਿਆਣਾ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੈ। ਦੇਸ਼ ਦੇ ਕਰੀਬ 52 ਜ਼ਿਲ੍ਹਿਆਂ ਵਿੱਚ ਆਬੋ-ਹਵਾ ਕਾਫ਼ੀ ਗੰਭੀਰ ਸਥਤਿੀ ਵਿੱਚ ਹੈ ਤੇ ਇਨ੍ਹਾਂ ਵਿੱਚ ਹਰਿਆਣਾ ਦੇ ਜ਼ਿਲ੍ਹੇ ਵੀ ਪ੍ਰਮੁੱਖ ਹਨ।
ਹਰਿਆਣਾ ਦੇ ਖੇਤੀ ਮੰਤਰੀ ਜੇ.ਪੀ. ਦਲਾਲ ਨੇ ਕੱਲ੍ਹ ਹਰਿਆਣਾ ਵਿੱਚ ਪ੍ਰਦੂਸ਼ਣ ਦੀ ਸਥਤਿੀ ਨੂੰ ਲੈ ਕੇ ਪੰਜਾਬ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ। ਸ੍ਰੀ ਦਲਾਲ ਨੇ ਕਿਹਾ ਸੀ ਕਿ ਹਰਿਆਣਾ ਨੇ ਪੰਜਾਬ ਤੋਂ ਪਾਣੀ ਮੰਗਿਆ ਸੀ ਪਰ ਉਹ ਧੂੰਆਂ ਭੇਜ ਰਿਹਾ ਹੈ। ਸ੍ਰੀ ਦਲਾਲ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਕਿਹਾ ਕਿ ਉੱਤਰੀ ਭਾਰਤ ਵਿੱਚ ਪ੍ਰਦੂਸ਼ਣ ਫੈਲਾਉਣ ਲਈ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਬਦਨਾਮ ਕਰਨ ਪਿੱਛੇ ਇੱਕ ਡੂੰਘੀ ਸਾਜ਼ਿਸ਼ ਹੈ। ਖੁੱਡੀਆਂ ਨੇ ਕਿਹਾ ਕਿ ਦਿੱਲੀ ਅਤੇ ਹਰਿਆਣਾ ਦੇ ਧੂੰਏਂ ਦੀ ਲਪੇਟ ਵਿੱਚ ਆਉਣ ਲਈ ਪੰਜਾਬ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਪੰਜਾਬ ਦੇ ਕਿਸੇ ਵੀ ਸ਼ਹਿਰ ਦੀ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਨਹੀਂ ਕੀਤੀ ਗਈ ਹੈ। ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ ਐਤਕੀਂ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ 47 ਫ਼ੀਸਦੀ ਕਮੀ ਆਈ ਹੈ।