
ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਪੀਲ ਕੀਤੀ ਹੈ। ਸਰਨਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਵੇਲੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਂਟ ਕੀਤਾ ਗਿਆ ਸੀ। ਉਸ ਨੂੰ ਸਰਕਾਰ ਵੱਲੋਂ ਨਿਲਾਮ ਕਰਨ ਦੀਆਂ ਜੋ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਉਹ ਨਾ ਸਿਰਫ ਮੰਦਭਾਗੀਆਂ ਹਨ ਸਗੋਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਵੀ ਹਨ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਲਈ ਸਭ ਤੋਂ ਪਵਿੱਤਰ ਤੇ ਕੇਂਦਰੀ ਅਸਥਾਨ ਦੇ ਨਸਲ ਕੁੱਲ ਆਲਮ ਲਈ ਵੀ ਇੱਕ ਸਰਵ ਸਾਂਝਾ ਅਸਥਾਨ ਹੈ। ਜਿਸ ਦੇ ਚਾਰੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲੀ ਭੇਂਟ ਨੂੰ ਨਿਲਾਮ ਕਰਨਾ ਕੁੱਲ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਜਿਸ ਬਾਰੇ ਸਰਕਾਰ ਨੂੰ ਇਹ ਕਲੰਕ ਖੱਟਣ ਤੋਂ ਬਚਣਾ ਚਾਹੀਦਾ ਹੈ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਾਡੀ ਅਪੀਲ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅਦਬ ਤੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ, ਪਾਬੰਦ ਹੋਣਾ ਚਾਹੀਦਾ ਹੈ ਕਿ ਸ੍ਰੀ ਹਰਿੰਮੰਦਰ ਸਾਹਿਬ ਤੋਂ ਕਿਸੇ ਵੀ ਤਰ੍ਹਾਂ ਦੀ ਭੇਂਟ ਪੂਰਨ ਸ਼ਰਧਾਵਾਨਾਂ ਨੂੰ ਹੀ ਦੇਣੀ ਚਾਹੀਦੀ ਹੈ। ਜੋ ਕਿ ਉਸ ਦਾ ਅਦਬ ਰੱਖਣ ਦੇ ਯੋਗ ਹੋਣ ਤੇ ਉਸ ਦੀ ਅਹਿਮੀਅਤ ਨੂੰ ਸਮਝਦੇ ਹੋਣ। ਕਿਉਂਕਿ ਸਿੱਖ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲੀ ਹੋਈ ਕੋਈ ਵੀ ਭੇਂਟ ਤਾਂ ਬਹੁਤ ਵੱਡੀ ਗੱਲ ਹੈ ਸ੍ਰੀ ਦਰਬਾਰ ਸਾਹਿਬ ਦਾ ਇੱਕ ਕਿਨਕਾ ਵੀ ਕੁੱਲ ਦੁਨੀਆਂ ਤੋਂ ਮਹਿੰਗਾ ਰਤਨ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਧਿਆਨ ਰੱਖਣਾ ਚਾਹੀਦਾ ਹੈ।