
ਅੱਜ ਦੇ ਦਿਨ 1 ਨਵੰਬਰ 1966 ਨੂੰ ਪੰਜਾਬੀਆਂ ਤੇ ਖ਼ਾਸ ਕਰ ਕੇ ਸਿੱਖਾਂ ਦੇ ਭਾਗ ਸੌਂ ਗਏ ਸਨ ਜਦ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਕੇਂਦਰੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਦੀ ਦੇਖ-ਰੇਖ ਹੇਠ, ਲੰਗੜਾ ਪੰਜਾਬੀ ਸੂਬਾ ਹੌਂਦ ਵਿਚ ਆਇਆ ਸੀ। ਇਸ ਦਿਨ ਹਿੰਦ-ਪਾਕਿ ਵੰਡ ਬਾਅਦ ਪੰਜਾਬ ਦੀ ਦੂਸਰੀ ਵੰਡ ਹੋਈ ਸੀ। ਇਸ ਅਭਾਗੇ ਦਿਨ ਲੰਗੜਾ ਪੰਜਾਬੀ ਸੂਬਾ ਬਣਿਆ ਸੀ ਤੇ ਨਵੇਂ ਸੂਬੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਹੋਂਦ ਵਿਚ ਆਇਆ ਸੀ। ਉਸ ਵੇਲੇ ਪੰਜਾਬ ਦੇ ਵਿਸ਼ੇਸ਼ ਫ਼ਿਰਕੇ ਨੇ ਪੰਜਾਬੀ ਸੂਬਾ ਨਾ ਬਣਨ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਤੇ ਅਪਣੀ ਮਾਂ ਬੋਲੀ ਪੰਜਾਬੀ ਦੀ ਥਾਂ ਹਿੰਦੀ ਲਿਖਵਾਈ ਸੀ। ਇਸ ਫ਼ਿਰਕਾਪ੍ਰਸਤੀ ਨੂੰ ਪ੍ਰਫੁੱਲਤ ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਖ਼ਾਸ ਰੋਲ ਨਿਭਾਇਆ ਸੀ। ਇੰਦਰਾ ਗਾਂਧੀ ਤੇ ਗੁਲਜ਼ਾਰੀ ਲਾਲ ਨੰਦਾ ਕੱਟੜਫ਼ਿਰਕਾ ਪ੍ਰਸਤ ਸੀ। ਉਸ ਵੇਲੇ ਪੰਜਾਬ ਤੋਂ ਚੋਟੀ ਦੇ ਕਾਂਗਰਸੀ ਲੀਡਰ ਸਾਬਕਾ ਵਿਦੇਸ਼ ਮੰਤਰੀ ਸ. ਸਵਰਨ ਸਿੰਘ, ਗੁਰਦਿਆਲ ਸਿੰਘ ਢਿੱਲੋਂ, ਦਰਬਾਰਾ ਸਿੰਘ ਅਹਿਮ ਨੇਤਾ ਸਨ ਪਰ ਇਨ੍ਹਾਂ ਦੀ ਇਕ ਨਾ ਚਲ ਸਕੀ। ਇਸ ਦਿਨ ਹੀ ਚੰਡੀਗੜ੍ਹ ਰਾਜਧਾਨੀ ਖੋਹ ਲਈ ਤੇ ਉਸ ਨੂੰ ਕੇਂਦਰੀ ਪ੍ਰਦੇਸ਼ ਬਣਾ ਦਿਤਾ ਗਿਆ। ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੀ ਕੇਂਦਰ ਨੇ ਅਪਣੇ ਅਧੀਨ ਕਰ ਲਿਆ। ਪੰਜਾਬੀ ਬੋਲਦੇ ਇਲਾਕੇ ਤੇ ਪਹਾੜੀ ਖੇਤਰ ਕ੍ਰਮਵਾਰ ਹਰਿਆਣਾ, ਹਿਮਾਚਲ-ਪ੍ਰਦੇਸ਼ ਹਵਾਲੇ ਕਰ ਦਿਤਾ। ਉਕਤ ਸਮੇਤ ਦਰਿਆਈ ਪਾਣੀ ਹਾਸਲ ਕਰਨ ਲਈ, ਸ਼੍ਰੋਮਣੀ ਅਕਾਲੀ ਦਲ ਨੇ ਅਨੇਕਾਂ ਮੋਰਚੇ ਲਾਏ ਪਰ ਕੇਂਦਰ ਟਸ ਤੋਂ ਮਸ ਨਾ ਹੋਇਆ । ਇੰਦਰਾ ਗਾਂਧੀ ਵਾਂਗ ਹੀ ਮੋਰਾਰਜੀ ਡਿਸਾਈ, ਸਾਬਕਾ ਪ੍ਰਧਾਨ ਵੀਪੀ ਸਿੰਘ, ਸਾਬਕਾ ਪ੍ਰਧਾਨ ਅਟਲ ਬਿਹਾਰੀ ਵਾਜਪਾਈ, ਮੌਜੂਦਾ ਸਰਕਾਰ ਨੇ ਵੀ ਪੰਜਾਬ ਵਿਰੋਧੀ ਸੋਚ ਨੂੰ ਅੱਗੇ ਵਧਾਇਆ। ਇਹ ਵੀ ਦਸਣਾ ਬਣਦਾ ਹੈ ਕਿ ਪੰਜਾਬ ਨੂੰ ਰਾਜਸੀ, ਧਾਰਮਕ, ਆਰਥਕ ਤੌਰ ’ਤੇ ਅਸਥਿਰ ਕਰਨ ਲਈ ਸੱਤਾਧਾਰੀ ਜ਼ੁੰਮੇਵਾਰ ਹਨ। ਅਕਾਲੀ ਲੀਡਰਸ਼ਿਪ ਵੀ ਉਸਾਰੂ ਰੋਲ ਨਿਭਾਉਣ ਵਿਚ ਅਸਫ਼ਲ ਰਹੀ ਜੋ ਭਾਜਪਾਈਆਂ ਨਾਲ ਸੱਤਾਧਾਰੀ ਸਨ। ਇਸ ਵੇਲੇ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਅੱਜ 1 ਨਵੰਬਰ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹਿਸ ਕਰ ਰਹੇ ਹਨ ਜਿਨ੍ਹਾਂ ਵਲ ਸੱਭ ਦੀਆਂ ਨਜ਼ਰਾਂ ਕੇਂਦਰਤ ਹਨ। ਪੰਜਾਬ ਦੇ ਜਾਗਰੂਕ ਲੋਕ, ਰਾਜਸੀ ਪੰਡਤ ਮੰਗ ਕਰ ਰਹੇ ਹਨ ਕਿ ਸੂਬੇ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੁੱਝ ਕਰਨਾ ਚਾਹੀਦਾ ਹੈ ਤਾਂ ਜੋ ਪ੍ਰਾਂਤ ਦੀ ਅਸਥਿਰਤਾ ਨੂੰ ਸਥਿਰਤਾ ਵਿਚ ਬਦਲਿਆ ਜਾ ਸਕੇ।