
ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾਈ ਮੀਟਿੰਗ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਹੋਈ। ਇਸ ਵਿੱਚ ਐੱਸਵਾਈਐੱਲ ਨਹਿਰ ਦੇ ਮਸਲੇ ’ਤੇ ਦੋ ਟੁੱਕ ਫ਼ੈਸਲਾ ਕੀਤਾ ਕਿ ਪਹਿਲਾਂ ਹੀ ਪੰਜਾਬ ਨਾਲ ਧੱਕਾ ਕਰ ਕੇ ਬਾਹਰਲਿਆਂ ਸੂਬਿਆਂ ਨੂੰ ਪਾਣੀ ਦਿੱਤਾ ਜਾਂਦਾ ਰਿਹਾ ਹੈ। ਹੁਣ ਤਾਂ ਪੰਜਾਬ ਵਿੱਚ ਪਾਣੀ ਦੀ ਘਾਟ ਹੈ। ਇਸ ਕਰ ਕੇ ਪੰਜਾਬ ਦੇ ਕਿਸਾਨ ਕਿਸੇ ਵੀ ਹਾਲਤ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਜਾਣ ਦੇਣਗੇ। ਇਸ ਦੌਰਾਨ ਹੀ 10 ਅਕਤੂਬਰ ਨੂੰ ਪ੍ਰਿਥੀਪਾਲ ਦੀ ਬਰਸੀ ਚੱਕ ਅਲੀਸ਼ੇਰ ਵਿੱਚ ਮਨਾਉਣ ਦਾ ਫ਼ੈਸਲਾ ਵੀ ਲਿਆ ਗਿਆ। ਇਸ ਦੌਰਾਨ ਨਹਿਰ ਮਾਮਲੇ ’ਤੇ ਅਗਲੀ ਰਣਨੀਤੀ ਘੜੀ ਜਾਵੇਗੀ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਭੱਟੀਵਾਲ, ਖ਼ਜ਼ਾਨਚੀ ਰਾਮ ਸਿੰਘ ਮਟੋਰੜਾ, ਪ੍ਰੈੱਸ ਸਕੱਤਰ ਇੰਦਰਬੀਰ ਸਿੰਘ ਸਣੇ 13 ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਸਕੱਤਰ ਵੀ ਮੌਜੂਦ ਸਨ। ਇਸ ਮੌਕੇ ਨਿਊਜ਼ਕਲਿੱਕ ਦੇ ਦਫ਼ਤਰ ਸੀਲ ਕਰਨ ਅਤੇ ਪੱਤਰਕਾਰਾਂ ਦੀ ਗ੍ਰਿਫਤਾਰੀ ਦੀ ਨਿਖੇਧੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਨਿਊਜ਼ਕਲਿੱਕ ਤੇ ਪੱਤਰਕਾਰ ਭਾਸ਼ਾ ਸਿੰਘ, ਪ੍ਰਗਯਾ ਸਿੰਘ, ਅਭਿਸਾਰ ਸ਼ਰਮਾ ਤੇ ਇਜਾਜ਼ ਅਸ਼ਰਫ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਲੜੇ ਗਏ ਇਤਿਹਾਸਕ ਕਿਸਾਨੀ ਅੰਦੋਲਨ ਦੀ ਨਿੱਡਰਤਾ ਅਤੇ ਨਿਰਪੱਖਤਾ ਨਾਲ ਰਿਪੋਰਟਿੰਗ ਕਰਨ ਕਰ ਕੇ ਹੀ ਉਹ ਭਾਜਪਾ ਸਰਕਾਰ ਨੂੰ ਰੜਕ ਰਹੇ ਹਨ।