AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿਚਾਲੇ ਏਕਤਾ ਦਾ ਅਮਲ ਚੜ੍ਹਿਆ ਨੇਪਰੇ, ਬੀਕੇਯੂ ਰਾਜੇਵਾਲ ਨਾਲ ਸਬੰਧਤ ਪੰਜ ਜਥੇਬੰਦੀਆਂ ਦੀ ਹੋਈ ਵਾਪਸੀ

ਸੂਬੇ ਦੀਆ ਪੰਜ ਕਿਸਾਨ ਜਥੇਬੰਦੀਆਂ ਨੇ 18 ਜਨਵਰੀ ਨੂੰ ਰਾਜਧਾਨੀ ਚੰਡੀਗੜ੍ਹ ’ਚ ਸ਼ੁਰੂ ਕੀਤਾ ਜਾ ਰਿਹਾ ਮੋਰਚਾ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਸੋਮਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ 32 ਕਿਸਾਨ ਜਥੇਬੰਦੀਆਂ ਦੇ ਪੰਜਾਬ ਚੈਪਟਰ ਦੀ ਮੀਟਿੰਗ ਦੌਰਾਨ ਵਿਚਾਰ-ਵਟਾਂਦਰੇ ਉਪਰੰਤ ਕੀਤਾ ਗਿਆ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਦੀਆਂ ਕਿਸਾਨ ਜਥੇਬੰਦੀਆਂ ਦੀ ਬਲਬੀਰ ਸਿੰਘ ਰਾਜੇਵਾਲ ਗਰੁੱਪ ਨਾਲ ਸਬੰਧਤ ਪੰਜ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ। ਇਸ ਦੀ ਪ੍ਰਧਾਨਗੀ ਕਿਸਾਨ ਆਗੂ ਬੂਟਾ ਸਿੰਘ ਬੁਰਜ ਗਿੱਲ, ਡਾ. ਸਤਨਾਮ ਸਿੰਘ ਅਜਨਾਲਾ ਅਤੇ ਹਰਜਿੰਦਰ ਸਿੰਘ ਟਾਂਡਾ ਨੇ ਕੀਤੀ। ਮੀਟਿੰਗ ’ਚ ਪੰਜ ਕਿਸਾਨ ਜਥੇਬੰਦੀਆਂ ਨਾਲ 32 ਕਿਸਾਨ ਜਥੇਬੰਦੀਆਂ ਦੇ ਚੈਪਟਰ ਦੀ ਏਕਤਾ ਦੇ ਬੀਤੇ ਸਮੇਂ ਤੋਂ ਚੱਲ ਰਹੇ ਅਮਲ ਨੂੰ ਬੂਰ ਪੈ ਗਿਆ ਤੇ ਪੰਜ ਕਿਸਾਨ ਜਥੇਬੰਦੀਆਂ ਦੀ ਘਰ ਵਾਪਸੀ ਹੋ ਗਈ। ਮੀਟਿੰਗ ’ਚ ਪੰਜ ਕਿਸਾਨ ਜਥੇਬੰਦੀਆਂ ਨੇ ਐੱਸਕੇਐੱਮ ਦੇ ਚੋਣਾਂ ਸਬੰਧੀ ਬਣਾਏ ਅਸੂਲ ਕਿ ‘ਅੱਗੇ ਤੋਂ ਕੋਈ ਵੀ ਕਿਸਾਨ ਯੂਨੀਅਨ, ਯੂਨੀਅਨ ਦੇ ਤੌਰ ’ਤੇ ਚੋਣਾਂ ਨਹੀਂ ਲੜੇਗੀ, ਅਜਿਹਾ ਕਰਨ ’ਤੇ ਯੂਨੀਅਨ ਨੂੰ ਐੱਸਕੇਐੱਮ ’ਚੋਂ ਬਾਹਰ ਕਰ ਦਿੱਤਾ ਜਾਵੇਗਾ। ਕਿਸੇ ਆਗੂ ਵੱਲੋਂ ਚੋਣਾਂ ਲੜਨ ’ਤੇ ਉਸ ਨੂੰ ਐੱਸਕੇਐੱਮ ਦੇ ਅਹੁਦਿਆ ਤੋਂ ਹਟਾ ਦਿੱਤਾ ਜਾਵੇਗਾ’ ਨਾਲ ਸਹਿਮਤੀ ਪ੍ਰਗਟ ਕਰ ਦਿੱਤੀ। ਉਕਤ ਜਥੇਬੰਦੀਆਂ ਨੇ ਜੋ ਐੱਸਕੇਐੱਮ ਵੱਲੋਂ ਵਿਧਾਨ ਸਭਾ ਚੋਣਾਂ ਉਪਰੰਤ ਆਈ ਦਰਾੜ ਮਗਰੋਂ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨੂੰ ਸੰਚਾਲਿਤ ਕਰਨ ਲਈ ਨੌਂ-ਨੁਕਾਤੀ ਦਿਸ਼ਾ-ਨਿਰਦੇਸ਼ ਬਣਾਏ ਸਨ, ਦੀ ਪਾਲਣਾ ਯਕੀਨੀ ਬਣਾਉਣ ਦਾ ਵਚਨ ਵੀ ਦਿੱਤਾ ਹੈ। ਮੀਟਿੰਗ ’ਚ ਹੀ ਪੰਜ ਕਿਸਾਨ ਜਥੇਬੰਦੀਆਂ ਵੱਲੋਂ 18 ਜਨਵਰੀ ਨੂੰ ਚੰਡੀਗੜ੍ਹ ਵਿਖੇ ਪਾਣੀ ਦੇ ਮੁੱਦੇ ’ਤੇ ਲੱਗਣ ਵਾਲੇ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਦੀ ਅਪੀਲ ’ਤੇ ਮੁਲਤਵੀ ਕਰ ਦਿੱਤਾ ਗਿਆ। ਫ਼ੈਸਲਾ ਕੀਤਾ ਗਿਆ ਕਿ ਕਿਸਾਨਾਂ ਦੀਆਂ ਮੰਗਾਂ ਸਮੇਤ ਪਾਣੀ ਦੇ ਸਵਾਲ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਲਈ 28 ਜਨਵਰੀ ਨੂੰ ਚੰਡੀਗੜ੍ਹ ਵਿਖੇ ਮੁੜ ਮੀਟਿੰਗ ਸੱਦੀ ਹੈ। ਅੱਜ ਦੀ ਮੀਟਿੰਗ ’ਚ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਰੁਲਦੂ ਸਿੰਘ ਮਾਨਸਾ, ਸਤਨਾਮ ਸਿੰਘ ਸਾਹਨੀ, ਪਰਮਿੰਦਰ ਸਿੰਘ ਪਾਲ ਮਾਜਰਾ, ਅਵਤਾਰ ਸਿੰਘ ਮੇਹਲੋਂ, ਰਾਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਧਨੇਰ, ਬਲਵਿੰਦਰ ਸਿੰਘ ਮੱਲੀਨੰਗਲ, ਬਲਦੇਵ ਸਿੰਘ ਨਿਹਾਲਗੜ੍ਹ, ਸਤਨਾਮ ਸਿੰਘ ਬਹਿਰੂ, ਕਿਰਨਜੀਤ ਸਿੰਘ ਸੇਖੋਂ, ਹਰਬੰਸ ਸਿੰਘ ਸੰਘਾ, ਪ੍ਰਿਤਪਾਲ ਸਿੰਘ, ਅਵਤਾਰ ਸਿੰਘ ਮਹਿਮਾ, ਪੇ੍ਰਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਸੁਖਪ੍ਰੀਤ ਜੌਹਲ, ਰਸਪਾਲ ਸਿੰਘ ਸੰਧੂ, ਕੁਲਦੀਪ ਸਿੰਘ ਵਜੀਦਪੁਰ, ਕੁਲਵੰਤ ਸਿੰਘ ਸੰਧੂ, ਸੋਨੂੰ ਚੱਢਾ, ਬਲਕਰਨ ਸਿੰਘ ਬਰਾੜ, ਮੁਕੇਸ਼ ਚੰਦਰ ਅਤੇ ਗੁਰਨਾਮ ਸਿੰਘ ਭੀਖੀ ਆਦਿ ਹਾਜ਼ਰ ਸਨ।

Scroll to Top