AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ

ਪੰਜਾਬ ਕਲਾ ਭਵਨ, ਚੰਡੀਗੜ੍ਹ ਵਿੱਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਦੌਰਾਨ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਖੁਸ਼ਹਾਲੀ, ਪਿਆਰ ਅਤੇ ਏਕਤਾ ਦਾ ਸੁਨੇਹਾ ਦਿੱਤਾ ਗਿਆ। ਮੁੱਖ ਮਹਿਮਾਨ ਕਮਲ ਤਿਵਾੜੀ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸਿਧਾਰਥ, ਦੇਵਿੰਦਰ ਸਿੰਘ, ਡਾ. ਲਖਵਿੰਦਰ ਜੌਹਲ ਅਤੇ ਨਿਰੂਪਮਾ ਦੱਤ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਲਹਿੰਦੇ ਪੰਜਾਬ ਦੇ ਸ਼ਾਇਰ ਹੈਦਰ ਅਲੀ ਹੈਦਰ ਦੀ ਕਾਵਿ ਪੁਸਤਕ ‘ਤੀਜੀ ਅੱਖ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਗਾਇਕਾ ਸੁਨੈਨੀ ਸ਼ਰਮਾ ਨੇ ਦੱਸਿਆ ਕਿ ਸਬਰ, ਸ਼ੁਕਰ ਜਿਹੇ ਅਕੀਦਿਆਂ ਦਾ ਇਲਮ ਸਾਨੂੰ ਸਾਡੇ ਮੁੱਢਲੇ ਵਰ੍ਹਿਆਂ ਵਿੱਚ ਹੀ ਹੋ ਜਾਂਦਾ ਹੈ ਕਿਉਂਕਿ ਲੋਕ ਗੀਤਾਂ ਅਤੇ ਕਿੱਸਿਆਂ ਦੇ ਬੋਲ ਸਾਡੇ ਕੰਨਾਂ ਰਾਹੀਂ ਸਿੱਖਿਆਵਾਂ ਬਣ ਕੇ ਸਾਡੇ ਮਨਾਂ ਵਿਚ ਘੁਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਸੁਰਿੰਦਰ ਕੌਰ ਵਰਗੀਆਂ ਮਿਸਾਲੀ ਤੇ ਉੱਦਮੀ ਔਰਤਾਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਸਦਕਾ ਬਹੁਤ ਸਾਰੀਆਂ ਔਰਤਾਂ ਲਈ ਆਪਣੀ ਮਰਜ਼ੀ ਦੇ ਕਿੱਤੇ ਚੁਣਨ ਦਾ ਰਾਹ ਖੁੱਲ੍ਹਿਆ। ਉਨ੍ਹਾਂ ਦੱਸਿਆ ਕਿ ਸਾਡੇ ਲੋਕ ਗੀਤਾਂ ਦੀ ਰਾਣੀ ਸੁਰਿੰਦਰ ਕੌਰ 1929 ਵਿੱਚ ਲਾਹੌਰ ਵਿੱਚ ਜਨਮੇ ਸਨ। 1940 ਤੋਂ ਉਨ੍ਹਾਂ ਨੇ ਗਾਇਕੀ ਸ਼ੁਰੂ ਕੀਤੀ ਤੇ ਫਿਰ ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਦੂਰ-ਦੂਰ ਤਕ ਫੈਲਾਉਣ ਵਾਲੇ ਸੈਂਕੜੇ ਗੀਤ ਗਾਏ। ਉਸ ਦੀਆਂ ਗੀਤ ਸੁਰਾਂ ਸਾਂਝੇ ਪੰਜਾਬ ਦੀ ਅਮਾਨਤ ਹਨ। ਸੁਰਿੰਦਰ ਕੌਰ ਸਾਡੇ ਦਿਲਾਂ ਵਿੱਚ ਹਮੇਸ਼ਾ ਵਸਦੀ ਰਹੇਗੀ। ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸੁਰਿੰਦਰ ਕੌਰ ਦੇ ਗਾਏ ਗੀਤ ਪੰਜਾਬੀ ਸੱਭਿਆਚਾਰ ਦੀ ਪ੍ਰਾਪਤੀ ਹਨ। ਉਸ ਨੇ ਅੰਮ੍ਰਿਤਾ ਪ੍ਰੀਤਮ ਤੇ ਹੋਰ ਨਾਮਵਰ ਸਹਿਤਕਾਰਾਂ ਦੇ ਗੀਤ ਗਾਏ। ਕਲਾਕਾਰ ਸਿਧਾਰਥ ਨੇ ਕਿਹਾ ਕਿ ਸੁਰਿੰਦਰ ਕੌਰ ਨੇ ਔਰਤਾਂ ਦੀ ਤਰ੍ਹਾਂ ਔਰਤ ਦੀ ਵੇਦਨਾ ਨੂੰ ਬੜੀ ਸਫ਼ਲਤਾ ਨਾਲ ਗਾਇਆ। ਸੁਰਿੰਦਰ ਕੌਰ ਦੇ ਜਨਮ ਦਿਨ ਮੌਕੇ ਡਾ. ਲਖਵਿੰਦਰ ਜੌਹਲ, ਕਮਲ ਤਿਵਾੜੀ, ਕਲਾਕਾਰ ਸਿਧਾਰਥ, ਗੁਰਪ੍ਰੀਤ ਸਿੰਘ ਮਣਕੂ, ਜਸਪ੍ਰੀਤ ਸਿੰਘ, ਦੇਵਿੰਦਰ ਸਿੰਘ, ਨਿਰੂਪਮਾ ਦੱਤ ਤੇ ਹੋਰਨਾਂ ਨੂੰ ਸੁਰਿੰਦਰ ਕੌਰ ਦੀ ਤਸਵੀਰ ਵਾਲੇ ਯਾਦਗਾਰੀ ਮੋਮੈਂਟੋ ਅਤੇ ਪੌਦਾ ਪ੍ਰਸ਼ਾਦ ਨਾਲ ਸਨਮਾਨਿਆ ਗਿਆ। ਕਲਾਕਾਰ ਸਿਧਾਰਥ, ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਮਣਕੂ ਨੇ ਮੌਕੇ ਉੱਤੇ ਸੁਰਿੰਦਰ ਕੌਰ ਦੇ ਚਿੱਤਰ ਬਣਾਏ। ਸਮਾਗਮ ਦਾ ਮੰਚ ਸੰਚਾਲਨ ਜਗਦੀਪ ਕੌਰ ਨੂਰਾਨੀ ਨੇ ਕੀਤਾ।

Scroll to Top