
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦੇ ਆਗੂ ਬੰਟੀ ਰੋਮਾਣਾ ’ਤੇ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਐਡਿਟ ਕੀਤੀ ਵੀਡੀਓ ਸਾਂਝੀ ਕਰਨ ਦੇ ਦੋਸ਼ ਲਗਾਏ ਹਨ। ਸ੍ਰੀ ਕੰਗ ਨੇ ਗਾਇਕ ਦੀ ਐਡਿਟ ਕੀਤੀ ਵੀਡੀਓ ਸਾਂਝੀ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂ ਜਿੰਨੀਆਂ ਮਰਜ਼ੀ ਝੂਠੀਆਂ ਵੀਡੀਓਜ਼ ਫੈਲਾਅ ਲੈਣ ਪਰ ਪੰਜਾਬ ਦੇ ਲੋਕ ਹੁਣ ਬਾਦਲ ਪਰਿਵਾਰ ਨੂੰ ਕੋਈ ਅਹਿਮੀਅਤ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਗਾਇਕ ਦੀ ਵੀਡੀਓ ਐਡਿਟ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਸ ਖ਼ਰਾਬ ਨਹੀਂ ਕਰ ਸਕਦਾ। ਸ੍ਰੀ ਕੰਗ ਨੇ ਕੰਵਰ ਗਰੇਵਾਲ ਦੀ ਉਹ ਵੀਡੀਓ ਚਲਾਈ, ਜਿਸ ’ਚ ਗਾਇਕ ਕਹਿ ਰਿਹਾ ਹੈ ਕਿ ਉਸ ਦੀ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਗਰੇਵਾਲ ਨੇ ਵੀ ਆਪਣੀ ਵੀਡੀਓ ’ਚ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ। ਸ੍ਰੀ ਕੰਗ ਨੇ ਕਿਹਾ ਕਿ ਅਕਾਲੀ ਦਲ ਦੇ ਪੁਰਾਣੇ ਆਗੂਆਂ ਨੇ ਦੇਸ਼ ਦੀ ਆਜ਼ਾਦੀ ਲਈ ਤੇ ਆਜ਼ਾਦ ਤੋਂ ਬਾਅਦ ਸੰਘੀ ਢਾਂਚੇ ਦੀ ਲੜਾਈ ਲੜੀ ਪਰ ਹੁਣ ਬਾਦਲ ਪਰਿਵਾਰ ਐਡਿਟ ਵੀਡੀਓਜ਼ ’ਤੇ ਰਾਜਨੀਤੀ ਕਰ ਰਿਹਾ ਹੈ।