AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਪੰਜਾਬ ਨੂੰ ਤੇਜ਼ੀ ਨਾਲ ਆਰਥਿਕ ਸੰਕਟ ਵੱਲ ਧੱਕਿਆ ਜਾ ਰਿਹੈ: ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਦਿਸ਼ਾਹੀਣ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਪੰਜਾਬ ਨੂੰ ਤੇਜ਼ੀ ਨਾਲ ਆਰਥਿਕ ਸੰਕਟ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ’ਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸੇ ਹੋਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਸੂਬੇ ਅੰਦਰ ਰੇਤਾ, ਸ਼ਰਾਬ, ਕੇਬਲ ਆਦਿ ਮਾਫ਼ੀਆ ਸਰਗਰਮ ਹੈ ਪਰ ਸਰਕਾਰ ਸਭ ਕੁੱਝ ਜਾਣਦੇ ਹੋਈ ਵੀ ਅੱਖਾਂ ਬੰਦ ਕਰੀ ਬੈਠੀ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਕਿਹਾ ਕਿ ਬੇਅਦਬੀ ਅਤੇ ਅਮਨ-ਕਾਨੂੰਨ ਦੇ ਮੁੱਦਿਆਂ ਤੋਂ ਇਲਾਵਾ ਬਾਕੀ ਸਾਰੇ ਮਸਲਿਆਂ ਦਾ ਹੱਲ ਮਜ਼ਬੂਤ ਆਰਥਿਕਤਾ ਹੀ ਹੈ ਜਿਸ ਵਾਸਤੇ ‘ਆਪ’ ਸਰਕਾਰ ਕੋਲ ਕੋਈ ਠੋਸ ਨੀਤੀ ਜਾਂ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਆਬਕਾਰੀ ਮਾਲੀਆ (ਐਕਸਾਈਜ਼ ਰੈਵੇਨਿਊ) ਛੋਟੇ ਜਿਹੇ ਸੂਬੇ ਤਾਮਿਲਨਾਡੂ ਤੋਂ ਕਈ ਗੁਣਾ ਇਸ ਲਈ ਘੱਟ ਹੈ ਕਿਉਂਕਿ ਇਸ ਵਿੱਚ ਚੋਰ ਮੋਰੀਆਂ ਹਨ। ਉਨ੍ਹਾਂ ਦੋਸ਼ ਲਾਇਆ ਐੱਲ-1 ਲਾਇਸੈਂਸ (ਸ਼ਰਾਬ ਦੇ ਥੋਕ ਡੰਪ) ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਜਾਰੀ ਕੀਤੇ ਗਏ ਹਨ ਜਿਸ ਕਰ ਕੇ ਆਬਕਾਰੀ ਮਾਲੀਏ ’ਚ ਨਿਘਾਰ ਆਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਕੇਬਲ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਸਿੱਧੂ ਨੇ ਬਿਜਲੀ ਨੀਤੀ ਨੂੰ ਲੈ ਕੇ ‘ਆਪ’ ਸਰਕਾਰ ਨੂੰ ਕਟਹਿਰੇ ਵਿੱਚ ਇਹ ਆਖ ਕੇ ਖੜ੍ਹਾ ਕੀਤਾ ਕਿ 21 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦੀ ਜਾ ਰਹੀ ਹੈ ਜਦਕਿ ਸੱਤਾਧਾਰੀ ਧਿਰ ਨੇ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਨਿੱਜੀ ਥਰਮਲਾਂ ਨਾਲ ਸਮਝੌਤੇ ਤੋੜਨ ਦੀ ਗੱਲ ਆਖੀ ਸੀ।

Scroll to Top