
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਆਪਸੀ ਤਕਰਾਰਬਾਜ਼ੀ ਬੈਠ ਕੇ ਨਿਬੇੜ ਲੈਣੀ ਚਾਹੀਦੀ ਹੈ ਤਾਂ ਜੋ ਦੋਨੋਂ ਦੇਸ਼ਾਂ ਵਿਚਕਾਰ ਆਪਸੀ ਕੁੜੱਤਣ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਸਣੇ ਜਿਹੜੇ ਲੋਕ ਕੈਨੇਡਾ ਵਿੱਚ ਵਸੇ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਦੇ ਜੀਅ ਬਹੁਤ ਪ੍ਰੇਸ਼ਾਨ ਹਨ। ਉਹ ਅੱਜ ਪਿੰਡ ਮੂਸਾ ਵਿੱਚ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਪੰਜਾਬੀਆਂ ਨੂੰ ਕੈਨੇਡਾ ਦੇ ਵਿਵਾਦ ਸਬੰਧੀ ਅਜੇ ਤੱਕ ਕੋਈ ਹੌਸਲਾ-ਅਫ਼ਜ਼ਾਈ ਵਾਲੀ ਗੱਲ ਨਹੀਂ ਕੀਤੀ ਗਈ ਹੈ, ਜਿਸ ਨਾਲ ਕੈਨੇਡਾ ਜਾਣ ਵਾਲੇ ਅਤੇ ਉਥੇ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਚਿੰਤਾ ਸਤਾਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਪੰਜਾਬ ਦੀ ਥਾਂ ਐੱਨਆਈਏ ਵੱਲੋਂ ਉਸ ਉੱਪਰ ਕਾਤਲ ਫ਼ਿਰੌਤੀਆਂ ਵਰਗੇ ਅਨੇਕਾਂ ਕੇਸ ਦਰਜ ਕਰਕੇ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਲੱਗੀਆਂ ਹਨ, ਜਿਸ ਲਈ ਪੰਜਾਬ ਸਰਕਾਰ ਅਜੇ ਵੀ ਚੁੱਪ ਹੈ। ਬਲਕੌਰ ਸਿੰਘ ਸਿੱਧੂ ਵੱਲੋਂ ਕੰਗਣਾ ਰਣੌਤ ਬਾਰੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਪਹਿਲਾਂ ਕਿਸਾਨੀ ਸੰਘਰਸ਼ ਬਾਰੇ ਬੋਲਦੀ ਰਹੀ ਹੁਣ ਅੱਗ ਫੈਲਾ ਰਹੀ ਹੈ। ਇਸ ਮਸਲੇ ’ਤੇ ਕੁੜੱਤਣ ਨਾ ਪਾਓ, ਕਿਉਂਕਿ ਨਾ ਹੀ ਭਾਰਤ ਬਿਨਾਂ ਸਰੇ, ਨਾ ਹੀ ਕਨੈਡਾ ਬਿਨਾਂ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਵਰਗਿਆਂ ਨੂੰ ਲੋੜ ਤੋਂ ਵੱਧ ਸ਼ੋਸਲ ਮੀਡੀਆ ’ਤੇ ਉਭਾਰ ਕੇ ਹੀਰੋ ਬਣਾਇਆ ਜਾ ਰਿਹਾ ਹੈ।