
ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਵਾਰ ਫ਼ਿਰ ਸਵਾਲ ਕਰਦਿਆਂ ਕਿਹਾ ਕਿ ਅਪਰਾਧੀਆਂ ਨੂੰ ਕਿਉਂ ਇੰਨੀ ਸੁਰੱਖਿਆ ਦਿੱਤੀ ਜਾ ਰਹੀ ਹੈ, ਜਦੋਂਕਿ ਆਮ ਵਿਅਕਤੀ ਨੂੰ ਇਹ ਮਾੜੇ ਅਨਸਰ ਲਗਾਤਾਰ ਸ਼ਰੇਆਮ ਮਾਰ ਰਹੇ ਹਨ। ਉਨ੍ਹਾਂ ਮੂਸਾ ਪਿੰਡ ’ਚ ਪਹੁੰਚੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਇਹ ਸਵਾਲ ਸਰਕਾਰਾਂ ਨੂੰ ਕੀਤੇ। ਉਨ੍ਹਾਂ ਕਿਹਾ ਕਿ ਅਪਰਾਧੀਆਂ ਲਈ ਤਾਂ ਸੁਰੱਖਿਆ ਦਾ ਹਵਾਲਾ ਦੇ ਕੇ ਸਰਕਾਰੀ ਹਸਪਤਾਲ ਅਤੇ ਕੋਰਟ ਤੱਕ ਰਾਤ ਨੂੰ ਖੁਲ੍ਹ ਜਾਂਦੀ ਹੈ। ਆਮ ਲੋਕਾਂ ਨੂੰ ਜੋ ਟੈਕਸ ਭਰਦੇ ਹਨ, ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੇ ਲਈ ਸਰਕਾਰਾਂ ਕਦੇ ਵੀ ਗੰਭੀਰ ਨਹੀਂ ਹੋਈਆਂ। ਸਰਕਾਰ ਨੇ ਉਨ੍ਹਾਂ ਦੇ ਪੁੱਤ ਦੇ ਗੀਤ ਐਸਵਾਈਐਲ ਅਤੇ ਗੁਰਪਤਵੰਤ ਪੰਨੂ ਦੀ ਇੰਟਰਵਿਊ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਕਰਵਾ ਦਿੱਤਾ, ਪਰ ਅੱਜ ਤੱਕ ਲਾਰੈਂਸ ਬਿਸ਼ਨੋਈ ਵਰਗਿਆਂ ਦੀ ਇੰਟਰਵਿਊ ਸੋਸ਼ਲ ਮੀਡੀਆ ’ਤੇ ਕਿਉਂ ਚੱਲ ਰਹੀ ਹੈ। ਇਹ ਦੋਹਰੇ ਮਾਪਦੰਡ ਕਿਉਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੇ ਵਿਦੇਸ਼ ਤੋਂ ਵਾਪਸ ਪਰਤ ਆਪਣੇ ਪੰਜਾਬ ਦੇ ਪਿੰਡ ਮੂਸਾ ਘਰ ’ਚ ਆ ਕੇ ਟ੍ਰੈਂਡ ਸੈੱਟ ਕੀਤਾ। ਪਰ ਸਾਡੇ ਆਗੂ ਸਿਰਫ਼ ਬਿਆਨਬਾਜ਼ੀ ਕਰ ਸਕਦੇ ਹਨ। ਉਨ੍ਹਾਂ ਦੇ ਪੁੱਤਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ, ਜਿਸ ਦੇ ਲਈ ਉਹ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਰਾਜਨੀਤਿਕ ਲੋਕ ਚੋਣਾਂ ਦੇ ਸਮੇਂ ਤੁਹਾਡੇ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਵਾਲ ਕਰੋ। ਅਜਿਹੇ ਲੋਕਾਂ ਨੂੰ ਵੋਟ ਨਾ ਪਾਉ। ਉਹ ਆਪਣੀ ਉਮਰ ਦੇ ਆਖ਼ਰੀ ਪੜਾਅ ’ਚ ਹਨ ਪਰ ਆਉਣ ਵਾਲੇ ਸਮੇਂ ਦੇ ਲਈ ਲੜ ਰਹੇ ਹਨ ਅਤੇ ਆਪਣੇ ਪੁੱਤਰ ਨੂੰ ਇਨਸਾਫ਼ ਦੇ ਲੀ ਲੜ ਰਹੇ ਹਨ ਅਤੇ ਲੜਦੇ ਰਹਿਣਗੇ।