AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਬਸਪਾ ਨਾਲ ਗੱਠਜੋੜ ਬਚਾਉਣ ਲਈ ਅਕਾਲੀ ਦਲ ਸਰਗਰਮ

ਅਕਾਲੀ-ਭਾਜਪਾ ਗੱਠਜੋੜ ਦੇ ਮੁੜ ਸੁਰਜੀਤ ਹੋਣ ਦੀਆਂ ਸੰਭਾਵਨਾਵਾਂ ਤੋਂ ਪਹਿਲਾਂ ਅਕਾਲੀ-ਬਸਪਾ ਦਰਮਿਆਨ ਪੈਦਾ ਹੋਏ ਕੁੜੱਤਣ ਭਰੇ ਮਾਹੌਲ ਨੂੰ ਸਹਿਜ ਬਣਾਉਣ ਲਈ ਅਕਾਲੀ ਆਗੂ ਸਰਗਰਮ ਹੋ ਗਏ ਹਨ। ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨਾਲ ਗੱਲਬਾਤ ਵੀ ਕੀਤੀ। ਡਾ. ਚੀਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲੀ-ਬਸਪਾ ਗੱਠਜੋੜ ਪੂਰੀ ਤਰ੍ਹਾਂ ਕਾਇਮ ਹੈ ਤੇ ਦੋਹਾਂ ਪਾਰਟੀਆਂ ਦਰਮਿਆਨ ਤਾਲਮੇਲ ਕਮੇਟੀ ਦੀ ਮੀਟਿੰਗ ਕਰ ਕੇ ਜਲਦੀ ਹੀ ਭਵਿੱਖ ਦੀ ਰਣਨੀਤੀ ਅਤੇ ਸੰਸਦੀ ਸੀਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਬਸਪਾ ਆਗੂਆਂ ਦੀਆਂ ਗੱਠਜੋੜ ’ਤੇ ਕੀਤੀਆਂ ਟਿੱਪਣੀਆਂ ਸਬੰਧੀ ਡਾ. ਚੀਮਾ ਨੇ ਕਿਹਾ ਕਿ ਦੋਹਾਂ ਪਾਰਟੀਆਂ ਦਰਮਿਆਨ ਸਿਆਸੀ ਸਾਂਝ ਨੂੰ ਲੈ ਕੇ ਕੋਈ ਭੁਲੇਖਾ ਨਹੀਂ ਹੈ ਤੇ ਜੇਕਰ ਸਿਆਸੀ ਭਾਈਵਾਲਾਂ ਨੂੰ ਕੋਈ ਗਿਲਾ ਸ਼ਿਕਵਾ ਹੋਇਆ ਤਾਂ ਦੂਰ ਕਰ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਸੰਸਦੀ ਚੋਣਾਂ ਦੌਰਾਨ ਅਕਾਲੀ ਦਲ ਅਤੇ ਬਸਪਾ ਸਾਂਝੇ ਉਮੀਦਵਾਰ ਖੜ੍ਹੇ ਕਰਨਗੇ। ਸੂਤਰਾਂ ਅਨੁਸਾਰ ਦੋਹਾਂ ਪਾਰਟੀ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਇਆਂ ਵੀ ਕਈ ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ। ਸੰਸਦੀ ਚੋਣਾਂ ਸਿਰ ’ਤੇ ਹਨ ਪਰ ਅਕਾਲੀ ਦਲ ਨੇ ਹੁਣ ਤੱਕ ਬਸਪਾ ਨਾਲ ਸੀਟਾਂ ਦੀ ਵੰਡ ਵੀ ਨਹੀਂ ਕੀਤੀ, ਜਿਸ ਕਾਰਨ ਬਸਪਾ ਆਗੂਆਂ ਨੇ ਸੰਸਦੀ ਚੋਣਾਂ ਆਪਣੇ ਦਮ ’ਤੇ ਲੜਨ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਬਸਪਾ ਆਗੂਆਂ ਦੇ ਇਸ ਐਲਾਨ ਤੋਂ ਬਾਅਦ ਹੀ ਅਕਾਲੀ ਆਗੂ ਹਰਕਤ ਵਿੱਚ ਆਏ ਹਨ।

Scroll to Top