
ਜੂਨ ਮਹੀਨੇ ਵਿੱਚ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਹੁਣ ਜਦੋਂ ਉੱਥੋਂ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਹੈ ਤਾਂ ਦੋਵਾਂ ਮੁਲਕਾਂ ਵਿਚਾਲੇ ਕੁੜੱਤਣ ਵੱਧ ਗਈ ਹੈ। ਮਸਲਾ ਇੰਨਾ ਗਰਮਾ ਗਿਆ ਹੈ ਕਿ ਦੋਵਾਂ ਮੁਲਕਾਂ ਦੇ ਇੱਕ ਦੂਜੇ ਦੇ ਇੱਕ -ਇੱਕ ਸੀਨੀਅਰ ਕੂਟਨੀਤਿਕਾਂ ਨੂੰ ਮੁਲਕ ਤੋਂ ਬਾਹਰ ਚਲੇ ਜਾਣ ਲਈ ਕਿਹਾ। ਭਾਵੇਂ ਕਿ ਦੂਜੇ ਬਿਆਨ ਵਿੱਚ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦਾ ਮਕਸਦ ਭਾਰਤ ਨੂੰ ਭੜਕਾਉਣਾ ਨਹੀਂ ਸੀ, ਸਗੋਂ ਉਹ ਤਾਂ ਭਾਰਤ ਨਾਲ ਮਿਲਕੇ ਇਸ ਮਾਮਲੇ ਦਾ ਨਿਤਾਰਾ ਕਰਨਾ ਚਾਹੁੰਦੇ ਹਨ। ਪਰ ਦੂਜੇ ਪਾਸੇ ਕੈਨੇਡਾ ਵਲੋਂ ਜਾਰੀ ਟਰੈਵਲ ਐਡਵਾਇਜ਼ਰੀ ਨੇ ਇਸ ਗਰਮੀ ਦੇ ਸੇਕ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਕੈਨੇਡਾ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਵੈੱਬਸਾਈਟ ਉੱਤੇ ਇੱਕ ਟਰੈਵਲ ਐਡਵਾਇਜ਼ਰੀ ਨਸ਼ਰ ਕੀਤੀ ਹੈ ਅਤੇ ਭਾਰਤ ਵਿੱਚ ਯਾਤਰਾ ਕਰਨ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ। ਇਸ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਸੂਬਿਆਂ ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ, ‘‘ਕੁਝ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹਨ, ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ। ਹਰ ਸਮੇਂ ਬਹੁਤ ਸਾਵਧਾਨ ਰਹੋ, ਸਥਾਨਕ ਮੀਡੀਆ ਉੱਤੇ ਨਜ਼ਰ ਰੱਖੋ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਪਾਲਣ ਕਰੋ।’’ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਵਿੱਚ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦਾ ਸੁਝਾਅ ਵੀ ਦਿੱਤਾ ਹੈ ਅਤੇ ਕਿਹਾ ਹੈ, ‘‘ਤੁਹਾਡੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹਨ। ਤੁਹਾਨੂੰ ਪਰਿਵਾਰਕ ਲੋੜਾਂ, ਇਲਾਕੇ ਦੀ ਜਾਣਕਾਰੀ ਅਤੇ ਹੋਰ ਗੱਲਾਂ ਦੇ ਆਧਾਰ ਉੱਤੇ ਇਸ ਦੇਸ਼, ਖ਼ੇਤਰ ਜਾਂ ਖ਼ੇਤਰ ਦੀ ਯਾਤਰਾ ਕਰਨ ਦੀ ਆਪਣੀ ਜ਼ਰੂਰਤ ਬਾਰੇ ਸੋਚਣਾ ਚਾਹੀਦਾ ਹੈ। ਜੇ ਤੁਸੀਂ ਪਹਿਲਾਂ ਤੋਂ ਉੱਥੇ ਹੋ ਤਾਂ ਸੋਚੋ ਕਿ ਕੀ ਤੁਹਾਨੂੰ ਅਸਲ ਵਿੱਚ ਉੱਥੇ ਰਹਿਣ ਦੀ ਲੋੜ ਹੈ। ਜੇ ਇਹ ਲੋੜ ਨਹੀਂ ਹੈ ਤਾਂ ਤੁਹਾਨੂੰ ਵਾਪਸ ਆਉਣ ਬਾਰੇ ਸੋਚਣਾ ਚਾਹੀਦਾ ਹੈ।’’