AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ ਨੂੰ ਤਿੱਖੀਆਂ ਟਕੋਰਾਂ

ਆਮ ਆਦਮੀ ਪਾਰਟੀ ਦੀ ਆਹਲਾ ਲੀਡਰਸ਼ਿਪ ਨੇ ਅੱਜ ਬਾਦਲਾਂ ਦੇ ਗੜ੍ਹ ਬਠਿੰਡਾ ਵਿੱਚ ‘ਵਿਕਾਸ ਕ੍ਰਾਂਤੀ ਰੈਲੀ’ ਰਾਹੀਂ ਆਗਾਮੀ ਲੋਕ ਸਭਾ ਚੋਣਾਂ ਲਈ ਲਲਕਾਰਿਆ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਕੇਂਦਰ ਸਰਕਾਰ ’ਤੇ ਤਿੱਖੀਆਂ ਟਕੋਰਾਂ ਕੀਤੀਆਂ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਬਠਿੰਡਾ ’ਚ ਨਵੇਂ ਬੱਸ ਅੱਡੇ ਦੀ ਉਸਾਰੀ, ਸਿਵਲ ਹਸਪਤਾਲ, ਆਡੀਟੋਰੀਅਮ, ਰਿੰਗ ਰੋਡ, ਵਾਟਰ ਟਰੀਟਮੈਂਟ ਪਲਾਂਟ ਆਦਿ ਲਈ 1125 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਅਹਿਮ ਐਲਾਨ ਕੀਤਾ ਗਿਆ। ਮੌੜ ਮੰਡੀ ’ਚ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ’ਤੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਫੰਡ, ਨੈਸ਼ਨਲ ਹੈਲਥ ਮਿਸ਼ਨ, ਸੜਕ ਨਿਰਮਾਣ ਦੇ ਫੰਡ ਅਤੇ ਹੋਰ ਕਈ ਤਰ੍ਹਾਂ ਦੇ ਫੰਡ ਰੋਕੇ ਜਾਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਨੂੰ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਲੋਕ ਪੱਖੀ ਸਰਕਾਰ ਬਰਦਾਸ਼ਤ ਨਹੀਂ ਹੋ ਰਹੀ ਅਤੇ ਹੁਣ ਉਸ ਨੇ ਸੀ.ਐਮ. ਤੀਰਥ ਯਾਤਰਾ ’ਚ ਵੀ ਅੜਚਨ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ‘ਆਪ’ ਪੰਜਾਬ ਦੀਆਂ 13 ਦੀਆਂ 13 ਅਤੇ ਚੰਡੀਗੜ੍ਹ ਸੀਟ ਵੀ ਬੜੀ ਸ਼ਾਨ ਨਾਲ ਜਿੱਤੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਲਈ ਰੇਲਗੱਡੀਆਂ ਨਾ ਦਿੱਤੇ ਜਾਣ ’ਤੇ ਕੇਂਦਰ ਨੂੰ ਘੇਰਦਿਆਂ ਕਿਹਾ, ‘‘ ਚੋਣਾਂ ’ਚ ਥਾਂ-ਥਾਂ ਲੋਕਾਂ ਨੂੰ ‘ਡਬਲ ਇੰਜਣ’ ਦੀ ਸਰਕਾਰ ਬਣਾਉਣ ਦੀਆਂ ਅਪੀਲਾਂ ਕਰਨ ਵਾਲਿਆਂ ਕੋਲ ਰੇਲਗੱਡੀਆਂ ਲਈ ਇੰਜਣ ਨਹੀਂ, ਸਰਕਾਰਾਂ ਲਈ ਇੰਜਣ ਕਿੱਥੋਂ ਦੇ ਦੇਣਗੇ?’’ ਉਨ੍ਹਾਂ ਅੱਗੇ ਕਿਹਾ ਕਿ ‘ਅਸੀਂ ਹੱਕ ਮੰਗਾਂਗੇ ਪਰ ਕੇਂਦਰ ਸਰਕਾਰ ਅੱਗੇ ਹੱਥ ਨਹੀਂ ਫ਼ੈਲਾਵਾਂਗੇ।’’

Scroll to Top