
ਸ਼੍ਰੋ੍ਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਰਾਜਸਥਾਨ ਤੇ ਹਰਿਆਣਾ ਦੇ ਹੱਕ ਕਬੂਲ ਕੇ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ’ਤੇ ਪੰਜਾਬ ਦੇ ਸਟੈਂਡ ’ਤੇ ਸਮਝੌਤਾ ਕੀਤਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਤੇ ਵਿਰਸਾ ਸਿੰਘ ਵਲਟੋਹਾ ਨੇ ਮੁੱਖ ਮੰਤਰੀ ’ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਕੂੜ ਪ੍ਰਚਾਰ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇੱਕ ਦਿਨ ਦੇ ਪ੍ਰਚਾਰ ’ਤੇ 30 ਕਰੋੜ ਰੁਪਏ ਖ਼ਰਚ ਦਿੱਤੇ। ਅਕਾਲੀ ਆਗੂਆਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਸ੍ਰੀ ਬਾਦਲ ਉੱਤੇ ਲਾਏ ਦੋਸ਼ਾਂ ਸਬੰਧੀ ਸ੍ਰੀ ਮਾਨ ਆਪਣਾ ਦਾਅਵਾ ਸੱਚ ਸਾਬਤ ਕਰਨ ਜਾਂ ਫਿਰ ਮੁਆਫ਼ੀ ਮੰਗਣ। ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਇਹ ਦੱਸਣ ਵਿਚ ਵੀ ਨਾਕਾਮ ਰਹੇ ਹਨ ਕਿ ਉਹ ਸੂਬੇ ਦੇ ਦਰਿਆਈ ਪਾਣੀਆਂ ਦੀ ਰਾਖੀ ਕਿਵੇਂ ਕਰਨਗੇ। ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਵਿੱਚ ਪਾਣੀਆਂ ਦੀ ਵੰਡ 60:40 ਅਨੁਪਾਤ ਵਿਚ ਹੋਣੀ ਚਾਹੀਦੀ ਹੈ ਨਾ ਕਿ 50:50 ਦੇ ਅਨੁਪਾਤ ਵਿਚ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤ ਹਰਿਆਣਾ ਨੂੰ ਵੇਚੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਤੇ ‘ਆਪ’ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸੁਸ਼ੀਲ ਗੁਪਤਾ ਦੇ ਬਿਆਨਾਂ ਬਾਰੇ ਚੁੱਪ ਵੱਟੀ ਰੱਖੀ। ਅਕਾਲੀ ਆਗੂਆਂ ਨੇ ਲੁਧਿਆਣਾ ਵਿੱਚ ਨਾਗਰਿਕਾਂ ਦੇ ਹੱਕਾਂ ਦੇ ਘਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਚੁੱਕਣ ਦੇ ਬਾਵਜੂਦ ਸਰਕਾਰ ਪੀਏਯੂ ਆਡੀਟੋਰੀਅਮ ਨੂੰ ਭਰ ਨਹੀਂ ਸਕੀ।