AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਭਗਵੰਤ ਮਾਨ ਪੰਜਾਬ ਦਾ ‘ਫੇਲ੍ਹ ਜੇਲ੍ਹ ਮੰਤਰੀ’ ਸਾਬਤ ਹੋਇਆ: ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਇੱਥੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁੰਦੇ ਅਪਰਾਧਾਂ ਦੀ ਗੱਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਨੂੰ ‘ਫ਼ੇਲ੍ਹ ਜੇਲ੍ਹ ਮੰਤਰੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਪਰਾਧ ਸਿਖਰ ’ਤੇ ਹੈ ਅਤੇ ਪੰਜਾਬ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਸਾਬਿਤ ਹੋਈ ਹੈ। ਸ੍ਰੀ ਸਿੱਧੂ ਨੇ ਪੰਜਾਬ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਮੋਨੂ ਨਾਮ ਦੇ ਕੈਦੀ ਦਾ ਜਨਮ ਦਿਨ ਮਨਾਏ ਜਾਣ ਦੀ ਵੀਡੀਓ ਵਾਇਰਲ ਹੋਣ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਵੀਡੀਓ ਵਿੱਚ ਕੈਦੀ ਜੇਲ੍ਹ ਵਿੱਚ ਹੁੱਲੜਬਾਜ਼ੀ ਕਰ ਰਹੇ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਜੇਲ੍ਹਾਂ ਵਿੱਚ ਕੈਦੀਆਂ ਨੂੰ ਸੰਭਾਲਣ ਲਈ ਛੇ ਬੰਦੀਆਂ ਪਿੱਛੇ ਇੱਕ ਪੁਲੀਸ ਮੁਲਾਜ਼ਮ ਦੀ ਡਿਊਟੀ ਹੋਣੀ ਚਾਹੀਦੀ ਹੈ ਜਦਕਿ ਇੱਥੇ 26 ਬੰਦੀਆਂ ਨੂੰ ਇੱਕ ਪੁਲੀਸ ਮੁਲਾਜ਼ਮ (ਜੇਲ੍ਹ ਗਾਰਡ) ਸੰਭਾਲ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਪਰਾਧ ਲਗਾਤਾਰ ਵਧ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲੈਂਦਿਆਂ ਕਿਹਾ ਕਿ ਜੇਲ੍ਹਾਂ ਵਿੱਚ ਮੋਬਾਈਲ ਫੋਨ ਆਦਿ ਇਲੈਕਟ੍ਰੌਨਿਕ ਡਿਵਾਈਸ ਨੂੰ ਕੰਟਰੋਲ ਕਰਨ ਵਾਲੇ ਉਨ੍ਹਾਂ ਦੇ ਫਾਈਵ-ਜੀ ਜੈਮਰ ਕਿੱਥੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਤਾਂ ਜੈਮਰ ਨਾਲ ਲੈ ਕੇ ਚੱਲਦੇ ਹਨ ਪਰ ਜੇਲ੍ਹਾਂ ਵਿੱਚ ਕੈਦੀ ਆਪਣਾ ਧੰਦਾ ਚਲਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੇਲ੍ਹਾਂ ਵਿੱਚ ਫੜੇ ਜਾਂਦੇ ਮੋਬਾਈਲਾਂ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ। ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਹਾਈਟੈੱਕ ਪੁਲੀਸ ਉਂਜ ਤਾਂ ਕਿਸੇ ਦੇ ਵੀ ਮੋਬਾਈਲ ਫੋਨ ਦਾ ਡੇਟਾ ਖੰਗਾਲ ਕੇ ਉਸ ਦੀ ਹਰ ਤਰ੍ਹਾਂ ਦੀ ਗਤੀਵਿਧੀ ਨੂੰ ਨਸ਼ਰ ਕਰ ਦਿੰਦੀ ਹੈ ਪਰ ਜੇਲ੍ਹਾਂ ਵਿੱਚ ਫੜੇ ਜਾ ਰਹੇ ਹਜ਼ਾਰਾਂ ਮੋਬਾਈਲਾਂ ਦਾ ਡੇਟਾ ਕਦੇ ਵੀ ਲੋਕਾਂ ਦੀ ਕਚਹਿਰੀ ਵਿੱਚ ਨਹੀਂ ਆਉਂਦਾ। ਕਾਂਗਰਸੀ ਆਗੂ ਨੇ ਕਿਹਾ ਕਿ ਭਗਵੰਤ ਮਾਨ ਨੂੰ ਜੇਲ੍ਹਾਂ ਵਿੱਚ ਚੱਲ ਰਹੇ ਅਪਰਾਧਿਕ ਧੰਦੇ ਨਸ਼ਰ ਕਰ ਕੇ ਉਨ੍ਹਾਂ ’ਤੇ ਰੋਕ ਲਾਉਣੀ ਚਾਹੀਦੀ ਹੈ।

Scroll to Top